ਨਿਊਜਰਸੀ ''ਚ ਬਰਫਬਾਰੀ ਨੇ ਢੇਰ ਕੀਤੀ 95 ਸਾਲਾ ਪੁਰਾਣੀ ਚਰਚ

Friday, Feb 05, 2021 - 10:03 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਬਰਫੀਲੇ ਤੂਫ਼ਾਨ ਨੇ ਵੱਡੀ ਪੱਧਰ 'ਤੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ ਵਿਚ ਹੋਈ ਭਾਰੀ ਬਰਫਬਾਰੀ ਨਾਲ ਜਿੱਥੇ ਆਵਾਜਾਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ, ਕੋਰੋਨਾ ਟੀਕਾਕਰਨ ਪ੍ਰਕਿਰਿਆ 'ਤੇ ਵੀ ਇਸ ਦਾ ਅਸਰ ਪਿਆ ਹੈ। 

ਮੌਸਮ ਵਿਗਿਆਨੀਆਂ ਵਲੋਂ ਦਿੱਤੀਆਂ ਚਿਤਾਵਨੀਆਂ ਅਨੁਸਾਰ ਕਈ ਸਥਾਨਾਂ ਤੇ ਬਰਫਬਾਰੀ ਦੀ ਮੋਟੀ ਚਾਦਰ ਵੀ ਵਿਛੀ ਹੈ। ਅਜਿਹੀ ਹੀ ਭਾਰੀ ਬਰਫਬਾਰੀ ਦਾ ਸਾਹਮਣਾ ਇਸ ਹਫ਼ਤੇ ਨਿਊਜਰਸੀ ਦੇ ਲੋਕਾਂ ਨੇ ਕੀਤਾ ਹੈ। ਇੰਨਾ ਹੀ ਨਹੀਂ ਇਕ ਰਿਪੋਰਟ ਅਨੁਸਾਰ, ਨਿਊਜਰਸੀ ਵਿਚ ਹੋਈ ਭਾਰੀ ਬਰਫਬਾਰੀ ਕਾਰਨ ਤਕਰੀਬਨ ਇਕ ਸਦੀ ਪੁਰਾਣੀ ਚਰਚ ਦੀ ਛੱਤ ਵੀ ਬੁੱਧਵਾਰ ਢਹਿ ਗਈ। 

ਨਿਊਜਰਸੀ ਵਿਚ ਨੇਵਾਰਕ ਦੇ ਡੇਵੇਨਪੋਰਟ ਐਵੇਨਿਊ ਵਿਖੇ ਸ਼ਿਲੋਹ ਬੈਪਟਿਸਟ ਚਰਚ ਨੂੰ ਹਾਦਸੇ ਤੋਂ ਪਹਿਲਾਂ ਮੁਰੰਮਤ ਚੱਲਦੀ ਹੋਣ ਕਰਕੇ ਬੰਦ ਕਰ ਦਿੱਤਾ ਗਿਆ ਸੀ। ਇਸ ਲਈ ਜਦੋਂ ਇਸ 95 ਸਾਲ ਪੁਰਾਣੀ ਚਰਚ ਦੀ ਛੱਤ ਡਿੱਗੀ ਤਾਂ ਉਸ ਸਮੇਂ ਇਮਾਰਤ ਦੇ ਅੰਦਰ ਕੋਈ ਨਹੀਂ ਸੀ ਅਤੇ ਇਸ ਹਾਦਸੇ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਨਿਊਜਰਸੀ ਨਿਵਾਸੀ ਇਸ ਹਫ਼ਤੇ ਭਾਰੀ ਬਰਫੀਲੇ ਤੂਫ਼ਾਨ ਦਾ ਸਾਹਮਣਾ ਕਰ ਰਹੇ ਹਨ ਅਤੇ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਨੂੰ ਵੀ ਤੂਫ਼ਾਨ ਨੇ ਪ੍ਰਭਾਵਿਤ ਕੀਤਾ ਹੈ ਅਤੇ ਇਸ ਰਾਜ ਦੇ ਕੁੱਝ ਹਿੱਸਿਆਂ ਵਿਚ 30 ਇੰਚ ਤੱਕ ਬਰਫਬਾਰੀ ਹੋਈ ਹੈ।


Lalita Mam

Content Editor

Related News