ਯੂ. ਕੇ. ਦਾ ਸਭ ਤੋਂ ਛੋਟਾ ਘਰ, 2,75,000 ਪੌਂਡ ''ਚ ਵਿਕਣ ਲਈ ਤਿਆਰ

11/26/2020 5:18:23 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੈਸਟਰ ਦੇ ਨਾਈਟਨ ਵਿਚ ਬ੍ਰਿਟੇਨ ਦਾ ਸਭ ਤੋਂ ਛੋਟਾ ਘਰ ਸਥਿਤ ਹੈ, ਜਿਸ ਨੂੰ ਕਿ ਹੁਣ 2,75,000 ਪੌਂਡ ਦੀ ਕੀਮਤ 'ਤੇ ਵੇਚਣ ਲਈ ਲਗਾਇਆ ਗਿਆ ਹੈ।

ਰੋਜ਼ ਕਾਟੇਜ ਨਾਮ ਦਾ ਇਹ ਛੋਟਾ ਘਰ ਸਿਰਫ ਤਿੰਨ ਮੀਟਰ (13 ਫੁੱਟ) ਚੌੜਾ, ਸੱਤ ਮੀਟਰ (26 ਫੁੱਟ) ਉੱਚਾ ਹੈ ਅਤੇ 338 ਵਰਗ ਫੁੱਟ ਨਾਲ ਦੋ ਮੰਜ਼ਲਾਂ ਵਿਚ ਬਣਿਆ ਹੋਇਆ ਹੈ। ਲਗਭਗ ਟੈਨਿਸ ਕੋਰਟ ਦੀ ਚੌੜਾਈ ਜਿੰਨਾ ਇਹ ਘਰ ਸੰਨ 1900 ਵਿਚ ਬਣਾਇਆ ਗਿਆ ਸੀ ਅਤੇ ਇਸ ਦੇ ਬਜ਼ੁਰਗ ਨਿਵਾਸੀ ਦੇ ਦਿਹਾਂਤ ਤੋਂ ਬਾਅਦ ਪਿਛਲੇ ਸਾਲ ਇਸ ਨੂੰ ਨੀਲਾਮੀ ਵਿਚ ਵੇਚ ਦਿੱਤਾ ਗਿਆ ਸੀ, ਜਿਸ ਦੀ ਕੀਮਤ ਉਸ ਸਮੇਂ 1,55,000 ਪੌਂਡ ਸੀ ਫਿਰ ਇਕ ਪ੍ਰਾਪਰਟੀ ਡਿਵੈਲਪਰ ਨੇ ਇਸ ਛੋਟੇ ਘਰ ਦਾ ਨਵੀਨੀਕਰਣ ਕਰ ਕੇ ਇਸ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ।

ਇਹ ਹੁਣ ਆਧੁਨਿਕ ਰੂਪ ਵਿਚ ਤਿਆਰ ਹੋਣ ਤੋਂ ਬਾਅਦ ਮਾਰਕੀਟ ਵਿਚ ਆ ਗਿਆ ਹੈ, ਜਿਸ ਵਿਚ ਅੱਗੇ ਵਾਲਾ ਲੌਂਜ ਅਤੇ ਬਗੀਚਾ ਵੀ ਹੈ। 120 ਸਾਲ ਪੁਰਾਣੇ ਦੋ ਬਿਸਤਰੇ ਵਾਲੇ ਇਸ ਘਰ ਵਿਚ ਇਕ ਆਧੁਨਿਕ ਰਸੋਈ ਦੇ ਨਾਲ ਨਵੀਂ ਛੱਤ ਅਤੇ ਸੈਂਟਰਲ ਹੀਟਿੰਗ ਵੀ ਹੈ। ਇੰਨਾ ਹੀ ਨਹੀਂ ਇਹ ਘਰ ਸਕੂਲ, ਪਾਰਕਾਂ ,ਦੁਕਾਨਾਂ ਅਤੇ ਸ਼ਹਿਰ ਦੇ ਕੇਂਦਰ ਤੋਂ ਸਿਰਫ ਦੋ ਮੀਲ ਦੀ ਦੂਰੀ 'ਤੇ ਸਥਿਤ ਹੈ। ਜ਼ਿਕਰਯੋਗ ਹੈ ਕਿ ਇਹ ਘਰ ਸ਼ੈਫੀਲਡ ਦੀ ਇਕ ਜਾਇਦਾਦ ਨਾਲੋਂ 21 ਵਰਗ ਫੁੱਟ ਛੋਟਾ ਹੈ, ਜਿਸ ਨੂੰ 2014 ਬ੍ਰਿਟੇਨ ਦਾ ਸਭ ਤੋਂ ਛੋਟਾ ਘਰ ਕਿਹਾ ਗਿਆ ਸੀ।


Lalita Mam

Content Editor

Related News