ਸਲੋਵੇਨੀਆ ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਸਮਾਪਤੀ ਦੀ ਘੋਸ਼ਣਾ
Wednesday, Jun 16, 2021 - 02:48 PM (IST)
ਬੇਲਗ੍ਰੇਡ (ਵਾਰਤਾ) : ਯੂਰਪੀ ਦੇਸ਼ ਸਲੋਵੇਨੀਆ ਵਿਚ ਬੁੱਧਵਾਰ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਸਮਾਪਤੀ ਦੀ ਘੋਸ਼ਣ ਕਰ ਦਿੱਤੀ ਗਈ ਹੈ। ਸਲੋਵੇਨੀਆ ਦੇ ਸਿਹਤ ਮੰਤਰਾਲਾ ਨੇ ਇਹ ਘੋਸ਼ਣ ਕੀਤੀ ਹੈ। ਦੇਸ਼ ਵਿਚ ਮਹਾਮਾਰੀ ਦੀ ਸਮਾਪਤੀ ਦੀ ਘੋਸ਼ਣਾ ਦੇ ਬਾਵਜੂਦ ਹਾਲਾਂਕਿ ਵਾਇਰਸ ਦੀ ਰੋਕਥਾਮ ਲਈ ਪਾਬੰਦੀਆਂ ਅਤੇ ਲੋਕਾਂ ਦਾ ਟੀਕਾਕਰਨ ਜਾਰੀ ਰਹੇਗਾ।
ਮੰਤਰਾਲਾ ਮੁਤਾਬਕ ਕਰੀਬ 20 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਬੀਤੇ ਦਿਨ ਕੋਰੋਨਾ ਦੇ ਸਿਰਫ਼ 112 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਮਹਾਮਾਰੀ ਨਾਲ 2 ਲੋਕਾਂ ਦੀ ਮੌਤ ਹੋਈ। ਸਲੋਵੇਨੀਆ ਵਿਚ ਹੁਣ ਤੱਕ 7,69,248 ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਉਥੇ ਹੀ 5,51,906 ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਮੌਜੂਦਾ ਸਮੇਂ ਵਿਚ 122 ਕੋਰੋਨਾ ਮਰੀਜ਼ ਹਸਪਤਾਲ ਵਿਚ ਭਰਤੀ ਹਨ, ਜਿਨ੍ਹਾਂ ਵਿਚੋਂ 40 ਲੋਕ ਆਈ.ਸੀ.ਯੂ. ਵਿਚ ਹਨ।
ਮੰਤਰਾਲਾ ਨੇ ਮੰਤਰੀ ਜਾਨੇਦ ਪੋਕਲੁਕਰ ਦੇ ਹਵਾਲੇ ਤੋਂ ਮੰਗਲਵਾਰ ਨੂੰ ਟਵੀਟ ਕਰਕੇ ਕਿਹਾ, ‘ਕੱਲ੍ਹ ਤੋਂ (ਬੁੱਧਵਾਰ ਤੋਂ) ਸਲੋਵੇਨੀਆ ਵਿਚ ਮਹਾਮਾਰੀ ਰਸਮੀ ਰੂਪ ਨਾਲ ਸਮਾਪਤ ਮੰਨੀ ਜਾਏਗੀ, ਪਰ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਅਜੇ ਸਮਾਪਤ ਨਹੀਂ ਹੋਈ ਹੈ। ਮਹਾਮਾਰੀ ਨੂੰ ਕੰਟਰੋਲ ਕਰਨ ਲਈ ਟੀਕਾਕਰਨ ਇਕ ਮਹੱਤਵਪੂਰਨ ਉਪਾਅ ਹੈ। ਯੂਰਪੀ ਸੰਘ ਦਾ ਭਵਿੱਖ ਸਾਂਝੇ ਮੁੱਲਾਂ ਅਤੇ ਟੀਕਾਕਰਨ ਦੇ ਟੀਚਿਆਂ ਨਾਲ ਇਕਜੁੱਟ ਅਤੇ ਸਹਿਯੋਗ ’ਤੇ ਆਧਾਰਿਤ ਹੈ।’