ਘੱਟ ਨੀਂਦ ਦਿਲ ਦੇ ਦੌਰੇ ਤੇ ਅਟੈਕ ਦਾ ਬਣ ਸਕਦੀ ਹੈ ਕਾਰਨ
Thursday, Jan 31, 2019 - 08:19 AM (IST)

ਮੈਡ੍ਰਿਡ, (ਅਨਸ)- ਅਧੂਰੀ ਨੀਂਦ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਹੋ ਸਕਦੀ ਹੈ ਪਰ ਹਾਲੀਆ ਖੋਜ ਮੁਤਾਬਕ ਸਭ ਤੋਂ ਜ਼ਿਆਦਾ ਖਤਰਾ ਦਿਲ ਸਬੰਧੀ ਬੀਮਾਰੀਆਂ ਦਾ ਹੁੰਦਾ ਹੈ। 6 ਘੰਟੇ ਤੋਂ ਘੱਟ ਨੀਂਦ ਦਿਲ ਦੇ ਦੌਰੇ ਅਤੇ ਅਟੈਕ ਦਾ ਕਾਰਨ ਬਣ ਸਕਦੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ 6 ਘੰਟੇ ਤੋਂ ਘੱਟ ਦੀ ਨੀਂਦ ਲੈਣ ਵਾਲਿਆਂ ’ਚ 7 ਤੋਂ 8 ਘੰਟੇ ਦੀ ਨੀਂਦ ਵਾਲਿਆਂ ਦੇ ਮੁਕਾਬਲੇ ਦਿਲ ਸਬੰਧੀ ਬੀਮਾਰੀਆਂ ਦਾ ਖਤਰਾ 35 ਫੀਸਦੀ ਜ਼ਿਆਦਾ ਹੁੰਦਾ ਹੈ। ਲੋੜੀਂਦੀ ਨੀਂਦ ਨਾ ਲੈਣ ਨਾਲ ਐਥੀਰੋਸਕਲੋਰੋਸਿਸ ਦਾ ਖਤਰਾ ਮੰਡਰਾ ਸਕਦਾ ਹੈ। ਐਥੀਰੋਸਕਲੋਰੋਸਿਸ ਇਕ ਬੀਮਾਰੀ ਹੈ, ਜਿਸ ਦੇ ਕਾਰਨ ਨਾੜਾਂ ’ਚ ‘ਪਲਾਕ’ ਜੰਮਣ ਲੱਗਦਾ ਹੈ।
ਮੈਡ੍ਰਿਡ ’ਚ ਸਥਿਤ ਸਪੇਨਿਸ਼ ਨੈਸ਼ਨਲ ਸੈਂਟਰ ਫਾਰ ਕਾਰਡੀਓਵੈਸਕੁਲਰ ਰਿਸਰਚ ਵਲੋਂ ਕਰਵਾਈ ਗਈ ਖੋਜ ਦੇ ਨਤੀਜੇ ਦੱਸਦੇ ਹਨ ਕਿ ਦਿਲ ਦੇ ਰੋਗ ਦੇ ਇਲਾਜ ’ਚ ਸੌਣ ਦੇ ਤਰੀਕੇ ’ਚ ਬਦਲਾਅ ਦਵਾਈਆਂ ਦੇ ਮੁਕਾਬਲੇ ’ਚ ਜ਼ਿਆਦਾ ਅਸਰਦਾਰ ਅਤੇ ਸਸਤਾ ਹੋ ਸਕਦਾ ਹੈ।
4000 ਲੋਕਾਂ ’ਤੇ ਹੋਇਆ ਅਧਿਐਨ-
ਖੋਜਕਾਰਾਂ ਦੀ ਟੀਮ ਨੇ ਸਪੇਨ ’ਚ 4000 ਬੈਂਕ ਮੁਲਾਜ਼ਮਾਂ ’ਤੇ ਇਹ ਅਧਿਐਨ ਕੀਤਾ। 46 ਸਾਲਾ ਉਮੀਦਵਾਰ ਕਿਸੇ ਵੀ ਤਰ੍ਹਾਂ ਦੇ ਦਿਲ ਸਬੰਧੀ ਬੀਮਾਰੀ ਦੇ ਇਤਿਹਾਸ ਨਾਲ ਅਣਜਾਣ ਸਨ। ਅਧਿਐਨ ’ਚ ਖੋਜਕਾਰਾਂ ਨੇ ਦੇਖਿਆ ਕਿ ਜੋ ਉਮੀਦਵਾਰ ਰਾਤ 6 ਘੰਟੇ ਤੋਂ ਘੱਟ ਸੁੱਤੇ, ਉਨ੍ਹਾਂ ਵਿਚ ਸੱਤ ਤੋਂ ਅੱਠ ਘੰਟੇ ਦੀ ਨੀਂਦ ਲੈਣ ਵਾਲਿਆਂ ਦੇ ਮੁਕਾਬਲੇ 27 ਫੀਸਦੀ ਜ਼ਿਆਦਾ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਦੇਖਿਆ ਗਿਆ। ਇਸ ਦੇ ਨਾਲ ਹੀ ਰਾਤ ’ਚ ਕਈ ਵਾਰ ਜਾਗਣ ਵਾਲੇ ਲੋਕਾਂ ’ਚ ਸਕੂਨ ਭਰੀ ਨੀਂਦ ਲੈਣ ਵਾਲਿਆਂ ਦੇ ਮੁਕਾਬਲੇ 34 ਫੀਸਦੀ ਜ਼ਿਆਦਾ ਇਸ ਰੋਗ ਦਾ ਖਤਰਾ ਪਾਇਆ ਗਿਆ।
ਜ਼ਿਆਦਾ ਸੌਣਾ ਵੀ ਠੀਕ ਨਹੀਂ-
ਅਧਿਐਨ ’ਚ ਅੱਠ ਘੰਟੇ ਤੋਂ ਜ਼ਿਆਦਾ ਦੀ ਨੀਂਦ ਲੈਣ ਵਾਲਿਆਂ ’ਚ ਵੀ ਐਥੀਰੋਸਕਲੋਰੋਸਿਸ ਦਾ ਖਤਰਾ ਦੇਖਿਆ ਗਿਆ। ਖੋਜਕਾਰਾਂ ਨੇ ਪਾਇਆ ਕਿ ਖਾਸ ਤੌਰ ’ਤੇ ਜੋ ਔਰਤਾਂ 8 ਘੰਟੇ ਤੋਂ ਜ਼ਿਆਦਾ ਦੀ ਨੀਂਦ ਲੈਂਦੀਆਂ ਹਨ, ਉਨ੍ਹਾਂ ਵਿਚ ਦਿਲ ਸਬੰਧੀ ਬੀਮਾਰੀਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਖੋਜ ਨਾਲ ਜੁੜੇ ਡਾ. ਵੈਲੇਂਟੀਨ ਫਿਊਸਟ ਦਾ ਕਹਿਣਾ ਹੈ ਕਿ ਇਹ ਸਮਝਣਾ ਅਹਿਮੀਅਤ ਹੈ ਕਿ ਚੰਗੀ ਗੁਣਵੱਤਾ ਦੀ ਛੋਟੀ ਨੀਂਦ ਵੀ ਨੁਕਸਾਨਦਾਇਕ ਪ੍ਰਭਾਵਾਂ ਨੂੰ ਦੂਰ ਕਰਦੀ ਹੈ। ਅਧਿਐਨ ’ਚ ਉਨ੍ਹਾਂ ਕਾਰਨਾਂ ਨੂੰ ਵੀ ਦੇਖਿਆ ਗਿਆ, ਜੋ ਨੀਂਦ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ’ਚ ਜ਼ਿਆਦਾ ਅਲਕੋਹਲ ਤੇ ਕੈਫੀਨ ਦਾ ਸੇਵਨ ਸਭ ਤੋਂ ਮੁੱਖ ਸੀ।