ਮਾਂ ਦੇ ਸਾਬਕਾ ਪ੍ਰੇਮੀ ਨੇ 3 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ
Sunday, Nov 03, 2019 - 04:35 PM (IST)

ਵਿਨੀਪੈਗ— ਕੈਨੇਡਾ ਦੇ ਵਿਨੀਪੈਗ 'ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਔਰਤ ਦੇ ਸਾਬਕਾ ਪ੍ਰੇਮੀ ਨੇ ਉਸ ਦੇ ਤਿੰਨ ਸਾਲਾ ਮਾਸੂਲ ਬੱਚੇ ਨੂੰ ਚਾਕੂ ਮਾਰ-ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਤੇ ਬਾਅਦ 'ਚ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਨੇ ਬੱਚੇ 'ਤੇ ਉਸ ਵੇਲੇ ਹਮਲ ਕੀਤਾ ਜਦੋਂ ਉਹ ਨੀਂਦ 'ਚ ਸੀ।
ਬੱਚੇ ਦੀ ਇਕ ਰਿਸ਼ਤੇਦਾਰ ਨੇ ਸੀ.ਬੀ.ਸੀ. ਨਿਊਜ਼ ਏਜੰਸੀ ਨੂੰ ਦੱਸਿਆ ਕਿ ਤਿੰਨ ਸਾਲਾ ਹੰਟਰ ਹੇਜ਼ ਸਟ੍ਰੇਟ-ਸਮਿੱਥ ਨੂੰ ਬੁੱਧਵਾਰ ਨੂੰ ਹੋਏ ਇਸ ਬੇਰਹਿਮ ਹਮਲੇ ਤੋਂ ਬਾਅਦ ਲਾਈਫ ਸਪੋਰਟ 'ਤੇ ਰੱਖਿਆ ਗਿਆ ਸੀ। ਉਸ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਸਨ। ਬੱਚੇ ਨੇ ਸ਼ਨੀਵਾਰ ਨੂੰ ਆਖਰੀ ਸਾਹ ਲਿਆ ਤੇ ਉਸ ਦੀ ਹੈਲਥ ਸਾਈਂਸ ਸੈਂਟਰ 'ਚ ਇਲਾਜ ਦੌਰਾਨ ਮੌਤ ਹੋ ਗਈ। ਇਹ ਸਾਰੀ ਘਟਨਾ ਬੱਚੇ ਦੀ ਮਾਂ ਕਲਾਰਿਸ ਸਮਿੱਥ ਦੇ ਸਾਬਕਾ ਬੁਆਏਫ੍ਰੈਂਡ 33 ਸਾਲਾ ਡੈਨੀਅਲ ਜੇਨਸਨ ਨਾਲ ਝਗੜੇ ਤੋਂ ਬਾਅਦ ਵਾਪਰੀ। ਜੇਨਸਨ ਬੱਚੇ ਦਾ ਅਸਲ ਪਿਤਾ ਨਹੀਂ ਸੀ।
ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਬਾ ਕਿ ਜੇਨਸਨ ਪ੍ਰੀਚਰਡ ਐਵੀਨਿਊ 'ਚ ਕਲਾਰਿਸ ਦੇ ਘਰ ਗਿਆ ਤੇ ਉਸ ਨੇ ਹੰਟਰ 'ਤੇ ਹਮਲਾ ਕਰ ਦਿੱਤਾ ਜੋ ਕਿ ਉਸ ਵੇਲੇ ਸੋ ਰਿਹਾ ਸੀ। ਇਸ ਹਮਲੇ ਦੌਰਾਨ ਕਲਾਰਿਸ ਨੂੰ ਵੀ ਕਈ ਸੱਟਾਂ ਲੱਗੀਆਂ। ਅਦਾਲਤ ਦੇ ਰਿਕਾਰਡ ਦਰਸਾਉਂਦੇ ਹਨ ਕਿ ਜੇਨਸਨ 'ਤੇ ਜੁਲਾਈ 'ਚ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲੱਗੇ ਸਨ ਤੇ ਇਸ ਨਾਲ ਕਲਾਰਿਸ ਨੂੰ ਵੀ ਖਤਰਾ ਸੀ, ਇਸ ਲਈ ਜੇਨਸਨ ਨੂੰ ਕਲਾਰਿਸ ਤੋਂ ਦੂਰ ਰਹਿਣ ਦੇ ਹੁਕਮ ਦਿੱਤੇ ਗਏ ਸਨ। ਵੀਰਵਾਰ ਨੂੰ ਜੇਨਸਨ 'ਤੇ ਕਤਲ ਦੀ ਕੋਸ਼ਿਸ਼ ਤੇ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਮਲੇ ਦਾ ਦੋਸ਼ ਲਾਏ ਗਏ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਬੱਚੇ ਦੀ ਇਕ ਰਿਸ਼ਤੇਦਾਰ ਨੇ ਫੇਸਬੁੱਕ ਪੋਸਟ 'ਤੇ ਲਿਖਿਆ ਕਿ ਹਮਲੇ ਤੋਂ ਬਾਅਦ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ।