ਇਕਵਾਡੋਰ ''ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਕਤਲ ਮਾਮਲੇ ''ਚ 6 ਸ਼ੱਕੀ ਕੋਲੰਬੀਆਈ ਨਾਗਰਿਕ ਗ੍ਰਿਫ਼ਤਾਰ
Friday, Aug 11, 2023 - 04:14 PM (IST)

ਕਿਊਟੋ (ਭਾਸ਼ਾ)- ਇਕਵਾਡੋਰ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਕਤਲ ਦੇ ਸਬੰਧ ਵਿਚ 6 ਸ਼ੱਕੀ ਕੋਲੰਬੀਆਈ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਇਕ ਪੁਲਸ ਰਿਪੋਰਟ 'ਚ ਦਿੱਤੀ ਗਈ। ਅਧਿਕਾਰੀ ਇਸ ਅਪਰਾਧ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਕਰ ਰਹੇ ਹਨ ਜਿਸ ਨੇ ਦੇਸ਼ ਨੂੰ ਹਿਲਾ ਦਿੱਤਾ ਹੈ। ਇਕਵਾਡੋਰ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਫਰਨਾਂਡੋ ਵਿਲਾਵਿਸੇਨਸੀਓ (59) ਦਾ ਬੁੱਧਵਾਰ ਨੂੰ ਦੇਸ਼ ਦੀ ਰਾਜਧਾਨੀ ਕਿਊਟੋ ਵਿਚ ਇਕ ਸਿਆਸੀ ਰੈਲੀ ਦੌਰਾਨ ਇਕ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਵਿਲਾਵਿਸੇਨਸੀਓ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਚੁੱਕਣ ਲਈ ਜਾਣੇ ਜਾਂਦੇ ਸਨ, ਖਾਸ ਕਰਕੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਗਿਰੋਹ ਖ਼ਿਲਾਫ਼। ਰਿਪੋਰਟ ਵਿਚ ਕਿਹਾ ਗਿਆ ਹੈ ਕਿ 6 ਸ਼ੱਕੀ ਵਿਅਕਤੀਆਂ ਨੂੰ ਇਕਵਾਡੋਰ ਦੀ ਰਾਜਧਾਨੀ ਕਿਊਟੋ ਵਿਚ ਸਥਿਤ ਇਕ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੱਥੇ ਉਹ ਲੁਕੇ ਹੋਏ ਸਨ। ਅਧਿਕਾਰੀਆਂ ਨੇ ਚਾਰ ਸ਼ਾਟਗਨ, ਇੱਕ 5.56 ਐੱਮ.ਐੱਮ. ਰਾਈਫਲ, ਕਾਰਤੂਸ, ਤਿੰਨ ਗ੍ਰਨੇਡ ਅਤੇ ਇੱਕ ਵਾਹਨ ਅਤੇ ਇੱਕ ਮੋਟਰਸਾਈਕਲ ਜ਼ਬਤ ਕੀਤਾ ਹੈ। ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਦੋ ਹਫ਼ਤੇ ਪਹਿਲਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਦੇਸ਼ ਵਿੱਚ 20 ਅਗਸਤ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਕਵਾਡੋਰ ਦੇ ਗ੍ਰਹਿ ਮੰਤਰੀ ਜੁਆਨ ਜ਼ਾਪਾਟਾ ਨੇ ਇਸ ਮਾਮਲੇ ਵਿਚ ਕੁਝ ਵਿਦੇਸ਼ੀ ਨਾਗਰਿਕਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ, ਪਰ ਇਹ ਨਹੀਂ ਦੱਸਿਆ ਕਿ ਉਹ ਕਿਸ ਦੇਸ਼ ਦੇ ਹਨ। ਪੁਲਸ ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਕਿ ਕੋਲੰਬੀਆ ਦੇ ਇਹ ਨਾਗਰਿਕ ਕਿਸੇ ਅਪਰਾਧਿਕ ਸਮੂਹ ਦਾ ਹਿੱਸਾ ਹਨ ਜਾਂ ਨਹੀਂ, ਪਰ ਜ਼ਾਪਟਾ ਨੇ ਕਿਹਾ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕ ਸੰਗਠਿਤ ਅਪਰਾਧ ਨਾਲ ਜੁੜੇ ਹੋਏ ਸਨ।