ਚੀਨ ''ਚ ਸੜਕੀ ਹਾਦਸੇ ਦੌਰਾਨ 6 ਲੋਕਾਂ ਦੀ ਮੌਤ, 20 ਜ਼ਖਮੀ
Sunday, May 17, 2020 - 03:53 PM (IST)

ਬੀਜਿੰਗ- ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ਵਿਚ ਤੇਜ਼ ਰਫਤਾਰ ਨਾਲ ਆ ਰਹੀ ਇਕ ਬੱਸ ਦੇ ਸੜਕ ਕਿਨਾਰੇ ਦੀ ਗਾਰਡ ਰੇਲ (ਡਿਵਾਈਡਰ) ਨਾਲ ਟਕਰਾ ਕੇ ਪਲਟ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਤੇ ਹੋਰ 20 ਲੋਕ ਇਸ ਦੌਰਾਨ ਜ਼ਖਮੀ ਹੋ ਗਏ।
ਸਿਚੁਆਨ ਦੇ ਸੂਬਾਈ ਜਨ-ਸੁਰੱਖਿਆ ਵਿਭਾਗ ਨੇ ਕਿਹਾ ਕਿ ਇਹ ਦੁਰਘਟਨਾ ਸ਼ਨੀਵਾਰ ਨੂੰ ਉਸ ਵੇਲੇ ਹੋਈ ਜਦੋਂ ਵਾਹਨ ਸ਼ੀਚਾਂਗ ਨੂੰ ਚੇਂਗਦੂ ਨਾਲ ਜੋੜਨ ਵਾਲੇ ਰਾਜਮਾਰਗ 'ਤੇ ਮੌਜੂਦ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਬੱਸ ਵਿਚ ਸਵਾਰ 26 ਲੋਕਾਂ ਵਿਚੋਂ ਦੋ ਦੀ ਮੌਕੇ 'ਤੇ ਮੌਤ ਹੋ ਗਈ ਤੇ ਹੋਰ ਚਾਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਸਰਕਾਰੀ ਪੱਤਰਕਾਰ ਏਜੰਸੀ ਸ਼ਿਨਹੂਆ ਨੇ ਖਬਰ ਦਿੱਤੀ ਹੈ ਕਿ ਸਾਰੇ 20 ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਹਨਾਂ ਵਿਚੋਂ ਤਿੰਨ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਚੀਨ ਵਿਚ ਸੜਕ ਹਾਦਸੇ ਆਮ ਗੱਲ ਹਨ, ਜਿਥੇ ਆਵਾਜਾਈ ਕਾਨੂੰਨਾਂ ਦਾ ਜਾਂ ਤਾਂ ਉਲੰਘਣ ਹੁੰਦਾ ਹੈ ਜਾਂ ਇਹਨਾਂ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ।