ਇਰਾਕ ''ਚ 6 ਧਮਾਕੇ, 4 ਦੀ ਮੌਤ ਤੇ 20 ਜਖ਼ਮੀ

05/31/2019 10:49:39 AM

ਬਗਦਾਦ — ਇਰਾਕ ਦੇ ਉੱਤਰੀ ਸ਼ਹਿਰ ਕਿਰਕੁਕ 'ਚ ਵੀਰਵਾਰ ਸ਼ਾਮ ਨੂੰ 6 ਧਮਾਕੇ ਹੋਏ ਜਿਸ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਇਰਾਕੀ ਫੌਜ ਦੀ ਸੰਯੁਕਤ ਮੁਹਿੰਮ ਕਮਾਂਡ ਦੇ ਮੀਡੀਆ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਹ ਧਮਾਕੇ ਕਿਰਕੁਕ ਸ਼ਹਿਰ ਦੀਆਂ ਪ੍ਰਮੁੱਖ ਗਲੀਆਂ 'ਚ ਹੋਏ। ਕਿਰਕੁਕ ਸ਼ਹਿਰ ਰਾਜਧਾਨੀ ਬਗਦਾਦ ਤੋਂ ਕਰੀਬ 250 ਕਿਲੋਮੀਟਰ ਦੂਰ ਹੈ। ਕਿਰਕੁਕ ਦੀ ਸੂਬਾ ਪੁਲਸ ਦੇ ਅਧਿਕਾਰੀ ਅੰਮਾਰ ਅਲ-ਜੁਬੈਰੀ ਨੇ ਦੱਸਿਆ ਕਿ ਤਾਜ਼ਾ ਰਿਪੋਰਟ 'ਚ ਇਨ੍ਹਾਂ ਧਮਾਕਿਆਂ 'ਚ ਚਾਰ ਲੋਕਾਂ ਦੇ ਮਾਰੇ ਜਾਣ ਅਤੇ 20 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਅਲ-ਜੁਬੈਰੀ ਨੇ ਇਨ੍ਹਾਂ ਧਮਾਕਿਆਂ 'ਚ ਇਕ ਪੁਲਸ ਕਰਮਚਾਰੀ ਦੇ ਮਾਰੇ ਜਾਣ ਜਦੋਂਕਿ ਚਾਰ ਹੋਰਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। 

ਸੁੱਰਖਿਆ ਕਰਮਚਾਰੀਆਂ ਨੇ ਧਮਾਕਿਆਂ ਵਾਲੇ ਇਲਾਕੇ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਧਮਾਕਿਆਂ ਦੀ ਜਿੰਮੇਵਾਰੀ ਅਜੇ ਤੱਕ ਕਿਸੇ ਸੰਗਠਨ ਨੇ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਸਾਲ 2017 ਦੇ ਅੰਤ 'ਤ ਇਰਾਕੀ ਸੁਰੱਖਿਆ ਫੋਰਸ ਨੇ ਪੂਰੇ ਦੇਸ਼ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਪੂਰੀ ਤਰ੍ਹਾਂ ਸਫਾਏ ਦਾ ਦਾਅਵਾ ਕੀਤਾ ਜਿਸ ਤੋਂ ਬਾਅਦ ਦੇਸ਼ ਦੀ ਸੁਰੱਖਿਆ ਸਥਿਤੀ 'ਚ ਨਾਟਕੀ ਰੂਪ ਨਾਲ ਸੁਧਾਰ ਹੋਇਆ ਹੈ।


Related News