ਸਿੰਗਾਪੁਰ ਪੂਰਨ ਟੀਕਾਕਰਨ ਕਰਾ ਚੁੱਕੇ ਇਨ੍ਹਾਂ 6 ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਦੇਵੇਗਾ ਇਕਾਂਤਵਾਸ ਤੋਂ ਛੋਟ

Friday, Nov 26, 2021 - 05:22 PM (IST)

ਸਿੰਗਾਪੁਰ ਪੂਰਨ ਟੀਕਾਕਰਨ ਕਰਾ ਚੁੱਕੇ ਇਨ੍ਹਾਂ 6 ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਦੇਵੇਗਾ ਇਕਾਂਤਵਾਸ ਤੋਂ ਛੋਟ

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਗਲੋਬਲ ਕਨੈਕਟੀਵਿਟੀ ਨਾਲ ਇਕ ਅੰਤਰਰਾਸ਼ਟਰੀ ਹਵਾਬਾਜ਼ੀ ਕੇਂਦਰ ਦੇ ਰੂਪ ਵਿਚ ਆਪਣੇ ਦਰਜੇ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਤਹਿਤ 6 ਹੋਰ ਦੇਸ਼ਾਂ ਦੇ ਪੂਰਨ ਟੀਕਾਕਰਨ ਕਰਾ ਚੁੱਕੇ ਯਾਤਰੀਆਂ ਨੂੰ ਅਗਲੇ ਮਹੀਨੇ ਤੋਂ ਇਕਾਂਤਵਾਸ ਤੋਂ ਛੋਟ ਦੇਵੇਗਾ। ਰਾਸ਼ਟਰੀ ਹਵਾਬਾਜ਼ੀ ਅਥਾਰਟੀ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਸਿੰਗਾਪੁਰ ਸਿਵਲ ਐਵੀਏਸ਼ਨ ਅਥਾਰਟੀ  (ਸੀ.ਏ.ਏ.ਐਸ.) ਨੇ ਦੱਸਿਆ ਕਿ ਥਾਈਲੈਂਡ ਦੇ ਪੂਰਨ ਟੀਕਾਕਰਨ ਕਰਾ ਚੁੱਕੇ ਯਾਤਰੀਆਂ ਨੂੰ 14 ਦਸੰਬਰ ਤੋਂ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਕੰਬੋਡੀਆ, ਫਿਜ਼ੀ, ਮਾਲਦੀਵ, ਸ੍ਰੀਲੰਕਾ ਅਤੇ ਤੁਰਕੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਹ ਸੁਵਿਧਾ 16 ਦਸੰਬਰ ਤੋਂ ਦਿੱਤੀ ਜਾਏਗੀ। ਇਸ ਦੇ ਨਾਲ ਹੀ ਸਿੰਗਾਪੁਰ ਨੇ ਜਿਨ੍ਹਾਂ ਦੇਸ਼ਾਂ ਦੇ ਪੂਰਨ ਟੀਕਾਕਰਨ ਕਰਾ ਚੁੱਕੇ ਯਾਤਰੀਆਂ ਨੂੰ ਇਕਾਂਤਵਾਸ ਤੋਂ ਛੋਟ ਦਿੱਤੀ ਹੈ, ਉਨ੍ਹਾਂ ਦੀ ਸੰਖਿਆ ਵੱਧ ਕੇ ਹੁਣ 27 ਹੋ ਗਈ ਹੈ। ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਨੂੰ ਸਿਰਫ਼ ਕੋਵਿਡ-19 ਦੀ ਜਾਂਚ ਕਰਾਉਣੀ ਹੋਵੇਗੀ, ਜਿਸ ਵਿਚ ਉਨ੍ਹਾਂ ਦੇ ਸੰਕਰਮਿਤ ਨਾ ਹੋਣ ਦੀ ਪੁਸ਼ਟੀ ਹੋਵੇ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 1 ਦਸੰਬਰ ਤੋਂ ਸਾਊਦੀ ਅਰਬ ਦੀ ਯਾਤਰਾ ਕਰ ਸਕਣਗੇ ਭਾਰਤੀ, ਇਨ੍ਹਾਂ 6 ਦੇਸ਼ਾਂ ਤੋਂ ਹਟੇਗਾ ਬੈਨ

ਸੀ.ਏ.ਏ.ਐਸ. ਨੇ ਦੱਸਿਆ ਕਿ ਕੋਵਿਡ-19 ਤੋਂ ਪਹਿਲਾਂ ਦੇਸ਼ ਦੇ ਚਾਂਗੀ ਹਵਾਈ ਅੱਡੇ ’ਤੇ ਰੋਜ਼ਾਨਾ ਉਤਰਨ ਵਾਲੇ ਲੋਕਾਂ ਵਿਚੋਂ 60 ਫ਼ੀਸਦੀ ਲੋਕ ਇਨ੍ਹਾਂ 27 ਦੇਸ਼ਾਂ ਤੋਂ ਹੁੰਦੇ ਸਨ। ‘ਚੈਨਲ ਨਿਊਜ਼ ਏਸ਼ੀਆ’ ਨੇ ਸੀ.ਏ.ਏ.ਐਸ. ਦੇ ਹਵਾਲੇ ਤੋਂ ਕਿਹਾ, ‘ਇਹ ਨਵਾਂ ਵਿਸਤਾਰ ਚਾਂਗੀ ਦੇ ਨੈਟਵਰਕ ਨੂੰ ਹੋਰ ਵਿਆਪਕ ਕਰੇਗਾ ਅਤੇ ਗਲੋਬਲ ਕਨੈਕਟੀਵਿਟੀ ਨਾਲ ਸਿੰਗਾਪੁਰ ਨੂੰ ਇਕ ਅੰਤਰਰਾਸ਼ਟਰੀ ਹਵਾਬਾਜ਼ੀ ਕੇਂਦਰ ਦੇ ਰੂਪ ਵਿਚ ਮੁੜ ਸਥਾਪਤ ਕਰਨ ਵਿਚ ਮਦਦ ਕਰੇਗਾ।’ ਇਸ ਦੌਰਾਨ ਸਿੰਗਾਪੁਰ ਦੇ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਵੱਖ ਸਮਾਚਾਰ ਬਿਆਨ ਵਿਚ ਦੱਸਿਆ ਕਿ ਦੇਸ਼ 1 ਦਸੰਬਰ ਦੀ ਰਾਤ 11 ਵੱਜ ਕੇ 59 ਮਿੰਟ ਤੋਂ ਆਸਟ੍ਰੀਆ, ਬੈਲਜੀਅਮ, ਕ੍ਰੋਏਸ਼ੀਆ, ਚੈਕ ਗਣਰਾਜ, ਲਿਕਟੇਂਸਟੀਨ ਅਤੇ ਸਲੋਵਾਕੀਆ ਨੂੰ ਸ਼੍ਰੇਣੀ 3 ਦੇ ਦੇਸ਼ਾਂ ਦੇ ਰੂਪ ਵਿਚ ਵਰਗੀਕ੍ਰਿਤ ਕਰੇਗਾ। ਸ਼੍ਰੇਣੀ 3 ਵਿਚ ਸ਼ਾਮਲ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਿੰਗਾਪੁਰ ਪਹੁੰਚਣ ਦੇ ਬਾਅਦ 10 ਦਿਨ ਇਕਾਂਤਵਾਸ ਵਿਚ ਰਹਿਣਾ ਹੁੰਦਾ ਹੈ ਅਤੇ ਕੋਵਿਡ-19 ਸਬੰਧੀ ਜਾਂਚ ਕਰਾਉਣੀ ਹੁੰਦੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੇ ਇਜ਼ਰਾਇਲ ’ਚ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News