ਸਿੰਗਾਪੁਰ ਦੀ ਮੈਡੀਕਲ ਟੀਮ ਨੇ ਕੈਂਸਰ ਪੀੜਤਾ ਦੀ ਭਾਰਤ ''ਚ ਬੱਚਿਆਂ ਨੂੰ ਮਿਲਣ ਦੀ ਆਖਰੀ ਇੱਛਾ ਕੀਤੀ ਪੂਰੀ

10/11/2021 1:32:06 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੀ ਇਕ ਮੈਡੀਕਲ ਟੀਮ ਨੇ ਇਕ ਕੈਂਸਰ ਪੀੜਤ ਔਰਤ ਦੀ ਭਾਰਤ ਵਿੱਚ ਆਪਣੇ ਦੋ ਬੱਚਿਆਂ ਨੂੰ ਮਿਲਣ ਦੀ ਆਖਰੀ ਇੱਛਾ ਪੂਰੀ ਕਰਨ ਲਈ ਗਲੋਬਲ ਮਹਾਮਾਰੀ ਦੇ ਵਿਚਕਾਰ ਹਸਪਤਾਲ ਤੋਂ ਤਿਰੁਚਿਰਾਪੱਲੀ ਤੱਕ ਦੀ ਯਾਤਰਾ ਦਾ ਪ੍ਰਬੰਧ ਕੀਤਾ। 'ਚੈਨਲ ਨਿਊਜ਼ ਏਸ਼ੀਆ' (ਸੀਐਨਏ) ਨੇ ਕੈਂਸਰ ਪੀੜਤ ਦੇ ਪਤੀ ਰਾਜਗੋਪਾਲਨ ਕੋਲੰਚਮਣੀ ਨਾਲ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸਿੰਗਾਪੁਰ ਦੀ ਸਥਾਈ ਨਿਵਾਸੀ ਰਾਮਮੂਰਤੀ ਰਾਜੇਸ਼ਵਰੀ ਨੂੰ ਗਲੇ ਦਾ ਕੈਂਸਰ ਸੀ ਅਤੇ ਉਹ ਤਿਰੁਚਿਰਾਪੱਲੀ ਵਿੱਚ ਰਹਿ ਰਹੇ ਆਪਣੇ 12 ਅਤੇ ਨੌ ਸਾਲਾਂ ਦੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਸੀ।  

ਜਨਵਰੀ 2019 ਵਿੱਚ ਕੈਂਸਰ ਸੰਬੰਧੀ ਸਮੱਸਿਆਵਾਂ ਵਧਣ ਦੇ ਬਾਅਦ ਤੋਂ ਜੋੜੇ ਦੇ ਰਿਸ਼ਤੇਦਾਰ ਤਿਰੁਚਿਰਾਪੱਲੀ ਵਿੱਚ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਜੋੜੇ ਦੇ ਭਾਰਤ ਆਉਣ ਦੇ ਦੋ ਹਫ਼ਤਿਆਂ ਬਾਅਦ 27 ਜੂਨ, 2020 ਨੂੰ ਰਾਜੇਸ਼ਵਰੀ ਦੀ ਮੌਤ ਹੋ ਗਈ। ਉਹ 44 ਸਾਲ ਦੀ ਸੀ। ਕੋਲੰਚਮਨੀ ਨੇ ਕਿਹਾ,“ਉਸ ਨੇ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਦੇਖੇ ਬਿਨਾਂ ਇਸ ਸੰਸਾਰ ਨੂੰ ਅਲਵਿਦਾ ਨਹੀਂ ਕਹੇਗੀ। ਉਹ ਬੱਚਿਆਂ ਨੂੰ ਮਿਲ ਕੇ ਬਹੁਤ ਖੁਸ਼ ਸੀ।'' ਉਸ ਨੇ ਕਿਹਾ ਸੀ ਕਿ ਉਹ ਠੀਕ ਹੋ ਜਾਵੇਗੀ ਅਤੇ ਅਸੀਂ ਸਾਰੇ ਦੁਬਾਰਾ ਇਕੱਠੇ ਰਹਾਂਗੇ। ਤਿਰੁਚਿਰਾਪੱਲੀ ਪਹੁੰਚਣ ਤੋਂ ਬਾਅਦ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਕਿ ਉਸ ਦੀ ਹਾਲਤ ਸਥਿਰ ਰਹੇ। ਸਿੰਗਾਪੁਰ ਦੇ ਟੈਨ ਟੌਕ ਸੇਂਗ ਹਸਪਤਾਲ (TTSH) ਤੋਂ ਉਸ ਦੀ ਮੈਡੀਕਲ ਟੀਮ ਦੁਆਰਾ 'ਏਸ਼ੀਆ ਪੈਸੀਫਿਕ ਪੈਲੀਏਟਿਵ ਕੇਅਰ ਨੈਟਵਰਕ' ਦੁਆਰਾ ਹਸਪਤਾਲ ਦਾ ਪ੍ਰਬੰਧ ਕੀਤਾ ਗਿਆ ਸੀ। 

ਕੋਲੰਚਮਨੀ ਨੇ ਕਿਹਾ,“ਮੈਨੂੰ ਵਿਸ਼ਵਾਸ ਨਹੀਂ ਸੀ ਕਿ ਇਹ ਸਭ ਸੰਭਵ ਹੋਵੇਗਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ 10 ਜੂਨ ਨੂੰ ਜਾ ਸਕਦੇ ਹਾਂ ਪਰ ਅਸੀਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕੇ ਕਿਉਂਕਿ ਕੋਵਿਡ-19 ਕਾਰਨ ਸਥਿਤੀ ਬਹੁਤ ਖਰਾਬ ਸੀ ਅਤੇ ਰਾਜੇਸ਼ਵਰੀ ਦੀ ਹਾਲਤ ਵੀ ਬਹੁਤ ਨਾਜ਼ੁਕ ਸੀ।'' ਤਿਰੁਚਿਰਾਪੱਲੀ ਪਹੁੰਚਣ ਦੇ ਕੁਝ ਦਿਨ ਬਾਅਦ ਤੱਕ ਹਸਪਤਾਲ ਵਿਚ ਰਹਿਣ ਦੇ ਬਾਅਦ ਰਾਜੇਸ਼ਵਰੀ ਨੂੰ ਉੱਥੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਉਸਦੇ ਘਰ ਜਾਣ ਲਈ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਸ ਨੇ ਕਿਹਾ,"ਅਚਾਨਕ ਉਹ ਬੇਹੋਸ਼ ਹੋ ਗਈ। ਜਦੋਂ ਮੈਂ ਵੇਖਿਆ ਕਿ ਉਸ ਦੀ ਨਬਜ਼ ਰੁੱਕ ਗਈ ਤਾਂ ਡਾਕਟਰਾਂ ਨੇ ਸਾਨੂੰ ਹੋਰ ਕੋਸ਼ਿਸ਼ ਨਾ ਕਰਨ ਦਾ ਸੁਝਾਅ ਦਿੱਤਾ।" ਉਸੇ ਸਮੇਂ, ਟੀਟੀਐਸਐਚ ਦੇ ਰਾਜੇਸ਼ਵਰੀ ਦੇ ਡਾਕਟਰ ਤਾਰੀਸੀਆ ਯੂੰਗ ਨੇ ਕਿਹਾ," ਡਾਕਟਰੀ ਦ੍ਰਿਸ਼ਟੀਕੋਣ ਤੋਂ ਅਸੀਂ ਨਹੀਂ ਸੋਚਿਆ ਕਿ ਇਹ ਸੰਭਵ ਹੋਵੇਗਾ।” 

ਪੜ੍ਹੋ ਇਹ ਅਹਿਮ ਖਬਰ - ਸਿਡਨੀ 'ਚ ਤਾਲਾਬੰਦੀ ਹਟਾਉਣ ਤੋਂ ਬਾਅਦ ਇਹਨਾਂ ਚੀਜ਼ਾਂ 'ਤੇ ਹੋਵੇਗੀ ਖੁੱਲ੍ਹ 

ਰਾਜੇਸ਼ਵਰੀ ਹਰ ਸਮੇਂ ਆਪਣਾ ਫੋਨ ਕੋਲ ਰੱਖਦੀ ਸੀ ਅਤੇ ਭਾਰਤ ਵਿੱਚ ਰਹਿ ਰਹੇ ਆਪਣੇ ਬੱਚਿਆਂ ਅਤੇ ਪਰਿਵਾਰ ਦੀਆਂ ਤਸਵੀਰਾਂ ਦੇਖਦੀ ਰਹਿੰਦੀ ਸੀ। ਉਹਨਾਂ ਨੇ ਕਿਹਾ ਕਿ ਰਾਜੇਸ਼ਵਰੀ ਕੈਂਸਰ ਕਾਰਨ ਬੋਲ ਨਹੀਂ ਸਕਦੀ ਸੀ ਪਰ ਉਸ ਦਾ ਇਲਾਜ ਕਰ ਰਹੀ ਮੈਡੀਕਲ ਟੀਮ ਨੂੰ ਪਤਾ ਸੀ ਕਿ “ਉਸਦੀ ਆਖਰੀ ਇੱਛਾ ਭਾਰਤ ਜਾਣ ਅਤੇ ਆਪਣੇ ਬੱਚਿਆਂ ਨੂੰ ਮਿਲਣ ਦੀ ਸੀ”। ਡਾ. ਤਾਰੀਸੀਆ ਯੂੰਗ ਨੇ ਕਿਹਾ ਕਿ ਰਾਜੇਸ਼ਵਰੀ ਦੇ ਜਜ਼ਬੇ ਨੂੰ ਦੇਖ ਕੇ ਮੈਡੀਕਲ ਟੀਮ ਨੇ ਉਹਨਾਂ ਦੀ ਆਖਰੀ ਇੱਛਾ ਪੂਰਾ ਕਰਨ ਦਾ ਮਨ ਬਣਾਇਆ। ਪਰੇਸ਼ਾਨੀਆਂ ਵੀ ਘੱਟ ਨਹੀਂ ਸਨ। ਉਸਦੀ ਸਥਿਤੀ ਸਥਿਰ ਨਹੀਂ ਸੀ, ਭਾਰਤ ਅਤੇ ਦੇਸ਼ ਭਰ ਵਿੱਚ ਕੋਵਿਡ-19 ਦਾ ਪ੍ਰਕੋਪ ਸੀ ਅਤੇ ਸਿੰਗਾਪੁਰ ਤੋਂ ਭਾਰਤ ਲਈ ਉਡਾਣਾਂ ਘੱਟ ਅਤੇ ਕਾਫੀ ਸਮੇਂ ਦੇ ਅੰਤਰਾਲ ਨਾਲ ਸਨ। 

ਏਅਰ ਇੰਡੀਆ, ਸਿੰਗਾਪੁਰ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਅਤੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਰਾਜੇਸ਼ਵਰੀ ਨੂੰ ਜਹਾਜ਼ ਵਿਚ ਜਾਣ ਦੀ ਮਨਜ਼ੂਰੀ ਉਸ ਦੇ ਉਡਾਣ ਭਰਨ ਤੋਂ ਚਾਰ ਘੰਟੇ ਪਹਿਲਾਂ ਹੀ ਮਿਲੀ। 'ਰਾਹਤ' ਵਿਭਾਗ ਦੇ ਸੀਨੀਅਰ ਅਧਿਕਾਰੀ ਖੁਦ ਰਾਜੇਸ਼ਵਰੀ ਦੀ ਹਾਲਤ ਬਾਰੇ ਦੱਸਣ ਲਈ ਏਅਰਲਾਈਨ ਦੇ ਦਫਤਰ ਗਏ ਸਨ। 24 ਘੰਟਿਆਂ ਤੱਕ ਮਨਜ਼ੂਰੀ ਨਾ ਮਿਲਣ ਤੋਂ ਬਾਅਦ, ਉਹਨਾਂ ਨੇ ਵਿਦੇਸ਼ ਮੰਤਰਾਲੇ ਦਾ ਰੁਖ ਕੀਤਾ। ਡਾਕਟਰ ਤਾਰੀਸ਼ੀਆ ਯੂੰਗ ਨੇ ਕਿਹਾ,"ਉਡਾਣ ਭਰਨ ਤੋਂ ਸਿਰਫ ਚਾਰ ਘੰਟੇ ਪਹਿਲਾਂ ਇਜਾਜ਼ਤ ਦਿੱਤੀ ਗਈ ਸੀ। ਉਹ 48 ਘੰਟੇ ਬਹੁਤ ਚੁਣੌਤੀਪੂਰਨ ਸਨ। ਯੂੰਗ ਨੇ ਕਿਹਾ ਕਿ ਉਹਨਾਂ ਨੇ ਤੁਰੰਤ ਸਾਰੇ ਪ੍ਰਬੰਧ ਕੀਤੇ ਅਤੇ ਰਾਜੇਸ਼ਵਰੀ ਦੇ ਪਤੀ ਅਤੇ ਭੈਣ ਨੂੰ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਜਹਾਜ਼ ਵਿੱਚ ਕੀ ਕਰਨਾ ਹੈ। ਕੁਝ ਹੋਰ ਯਾਤਰੀਆਂ ਨੇ ਰਾਜੇਸ਼ਵਰੀ ਦੇ ਪਤੀ ਅਤੇ ਉਸਦੀ ਭੈਣ ਲਈ ਆਪਣੀਆਂ ਸੀਟਾਂ ਛੱਡ ਦਿੱਤੀਆਂ ਸਨ ਕਿਉਂਕਿ ਜਹਾਜ਼ ਵਿੱਚ ਸੀਟਾਂ ਨਹੀਂ ਸਨ। ਕੋਲੰਚਮਨੀ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਡਾਕਟਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਇਸ ਯਾਤਰਾ ਨੂੰ ਸੰਭਵ ਬਣਾਇਆ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News