ਸਿੰਗਾਪੁਰ ''ਚ ਹੈਰੋਇਨ ਦੀ ਤਸਕਰੀ ਦੇ ਦੋਸ਼ ''ਚ 19 ਸਾਲਾਂ ''ਚ ਪਹਿਲੀ ਵਾਰ ਔਰਤ ਨੂੰ ਦਿੱਤੀ ਗਈ ਫਾਂਸੀ
Friday, Jul 28, 2023 - 01:08 PM (IST)
ਕੁਆਲਾਲੰਪੁਰ (ਭਾਸ਼ਾ)- ਸਿੰਗਾਪੁਰ ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਲਈ ਮੌਤ ਦੀ ਸਜ਼ਾ ਨੂੰ ਖ਼ਤਮ ਕਰਨ ਦੇ ਸੱਦੇ ਦੇ ਬਾਵਜੂਦ 19 ਸਾਲਾਂ ਵਿੱਚ ਪਹਿਲੀ ਵਾਰ ਸ਼ੁੱਕਰਵਾਰ ਨੂੰ ਇੱਕ ਔਰਤ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਫਾਂਸੀ ਦਿੱਤੀ ਗਈ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਜੁਰਮ ਵਿੱਚ ਇਸ ਹਫ਼ਤੇ ਇਹ ਦੂਜੀ ਫਾਂਸੀ ਹੋਵੇਗੀ। ਸਮਾਜਿਕ ਕਾਰਕੁੰਨਾਂ ਨੇ ਦੱਸਿਆ ਕਿ ਅਗਲੇ ਹਫ਼ਤੇ ਹੋਰ ਫਾਂਸੀ ਦਿੱਤੀ ਜਾਵੇਗੀ।
ਸਿੰਗਾਪੁਰ ਦੇ ਕੇਂਦਰੀ ਨਾਰਕੋਟਿਕਸ ਬਿਊਰੋ ਨੇ ਕਿਹਾ ਕਿ 45 ਸਾਲਾ ਸਰੀਦੇਵੀ ਦਿਜਮਾਨੀ ਨੂੰ 2018 ਵਿੱਚ ਲਗਭਗ 31 ਗ੍ਰਾਮ ਡਾਇਮੋਰਫਿਨ ਜਾਂ ਹੈਰੋਇਨ ਦੀ ਤਸਕਰੀ ਲਈ ਇਹ ਸਜ਼ਾ ਸੁਣਾਈ ਗਈ ਸੀ। ਇਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਸ਼ੇ ਦੀ ਇਹ ਮਾਤਰਾ "ਇੱਕ ਹਫ਼ਤੇ ਤੱਕ 370 ਲੋਕਾਂ ਦੇ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਲਈ ਕਾਫ਼ੀ ਹੈ।"
ਸਿੰਗਾਪੁਰ ਦੇ ਕਾਨੂੰਨ ਵਿਚ 500 ਗ੍ਰਾਮ ਤੋਂ ਵੱਧ ਗਾਂਜਾ ਅਤੇ 15 ਗ੍ਰਾਮ ਤੋਂ ਵੱਧ ਹੈਰੋਇਨ ਦੀ ਤਸਕਰੀ ਦੇ ਦੋਸ਼ੀ ਵਿਅਕਤੀਆਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਦਿਜਮਾਨੀ ਦੀ ਫਾਂਸੀ ਤੋਂ 2 ਦਿਨ ਪਹਿਲਾਂ ਮੁਹੰਮਦ ਅਜ਼ੀਜ਼ ਹੁਸੈਨ (56) ਨੂੰ ਕਰੀਬ 50 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਜੁਰਮ ਵਿੱਚ ਫਾਂਸੀ ਦਿੱਤੀ ਗਈ ਸੀ।