ਕੋਰੋਨਾਵਾਇਰਸ ਦੇ ਡਰ ਕਾਰਨ ਜੋੜੇ ਨੇ ਲਾਈਵ ਸਟ੍ਰੀਮਿੰਗ ਜ਼ਰੀਏ ਰਚਾਇਆ ਵਿਆਹ

02/06/2020 11:39:13 AM

ਸਿੰਗਾਪੁਰ (ਬਿਊਰੋ): ਚੀਨ ਵਿਚ ਫੈਲੇ ਕੋਰੋਨਾਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ ਵਿਚ ਦੇਖੀ ਜਾ ਸਕਦੀ ਹੈ। ਇਸ ਵਾਇਰਸ ਦੀ ਦਹਿਸ਼ਤ ਕਾਰਨ ਸਿੰਗਾਪੁਰ ਵਿਚ ਇਕ ਜੋੜੇ ਨੇ ਬੀਤੇ ਦਿਨੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਮਹਿਮਾਨਾਂ ਸਾਹਮਣੇ ਵਿਆਹ ਦੀ ਰਸਮਾਂ ਨਿਭਾਈਆਂ। ਅਸਲ ਵਿਚ ਜੋੜਾ ਕੁਝ ਦਿਨ ਪਹਿਲਾਂ ਹੀ ਵੁਹਾਨ ਗਿਆ ਸੀ ਜੋ ਕੋਰੋਨਾਵਾਇਰਸ ਦਾ ਮੁੱਖ ਕੇਂਦਰ ਮੰਨਿਆ ਜਾ ਰਿਹਾ ਹੈ। ਅਜਿਹੇ ਵਿਚ ਜੋੜੇ ਨੇ ਫੈਸਲਾ ਕੀਤਾ ਕਿ ਵਿਆਹ ਦੀ ਤਰੀਕ ਤਾਂ ਨਹੀਂ ਪਰ ਵੈਨਿਊ ਬਦਲਿਆ ਜਾਵੇ। ਫਿਰ ਦੋਹਾਂ ਨੇ ਵਿਆਹ ਵਾਲੀ ਜਗ੍ਹਾ ਬਦਲ ਦਿੱਤੀ ਜਦਕਿ ਮਹਿਮਾਨਾਂ ਲਈ ਪਹਿਲਾਂ ਤੋਂ ਤੈਅ ਵੈਨਿਊ ਰੱਖਿਆ। 

PunjabKesari

ਇਸ ਜੋੜੇ ਨੇ ਇਕ ਹੋਟਲ ਰੂਮ ਤੋਂ ਲਾਈਵ ਸਟ੍ਰੀਮਿੰਗ ਜ਼ਰੀਏ ਵਿਆਹ ਦੀਆਂ ਰਮਸਾਂ ਨਿਭਾਈਆਂ ਅਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਹ ਵਿਆਹ 2 ਫਰਵਰੀ ਨੂੰ ਹੋਇਆ ਪਰ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ। ਇਸ ਤਰ੍ਹਾਂ ਮਿਸੇਜ ਐਂਡ ਮਿਸਟਰ ਯੂ ਨਾਮ ਦੇ ਇਸ ਜੋੜੇ ਦਾ ਵਿਆਹ ਸਭ ਤੋਂ ਵਿਲੱਖਣ ਵਿਆਹਾਂ ਵਿਚ ਸ਼ਾਮਲ ਹੋ ਗਿਆ। ਲਾਈਵ ਸਟ੍ਰੀਮਿੰਗ ਦੇ ਦੌਰਾਨ ਜੋੜੇ ਨੇ ਕਿਹਾ,''ਇਹ ਬਿਹਤਰੀਨ ਪਲ ਤੁਹਾਡੇ ਨਾਲ ਨਾ ਬਿਤਾਉਣ ਲਈ ਅਸੀਂ ਮੁਆਫੀ ਮੰਗਦੇ ਹਾਂ ਪਰ ਖੁਸ਼ ਹਾਂ ਕਿ ਤੁਸੀਂ ਇੱਥੇ ਆਏ।'' ਜੋੜੇ ਦੇ ਇਕ ਕਰੀਬੀ ਦੋਸਤ ਨੇ ਦੱਸਿਆ,''ਪਿਛਲੇ ਦਿਨੀਂ ਇਹ ਦੋਵੇਂ ਲਾੜੇ ਦੀ ਮਾਂ ਨੂੰ ਮਿਲਣ ਲਈ ਵੁਹਾਨ ਗਏ ਸਨ। ਤੁਸੀਂ ਜਾਣਦੇ ਹੋ ਕਿ  ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਵੁਹਾਨ ਪ੍ਰਭਾਵਿਤ ਹੈ। ਸਾਰੇ ਲੋਕਾਂ ਦੇ ਮਨ ਵਿਚ ਖਦਸ਼ਾ ਸੀ। ਇਸ ਲਈ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਵਿਆਹ ਦੀਆਂ ਰਸਮਾਂ ਨਿਭਾਉਣ ਦਾ ਫੈਸਲਾ ਲਿਆ ਗਿਆ।'' 

PunjabKesari

ਜੋੜੇ ਨੇ ਦੱਸਿਆ,''ਡਾਕਟਰਾਂ ਨੇ ਸਾਨੂੰ ਵੁਹਾਨ ਤੋਂ ਸਿੰਗਾਪੁਰ ਪਰਤਣ ਦੇ 14 ਦਿਨ ਤੱਕ ਕਿਸੇ ਦੇ ਵੀ ਸੰਪਰਕ ਵਿਚ ਨਾ ਆਉਣ ਦੀ ਸਲਾਹ ਦਿੱਤੀ ਸੀ। ਸਾਡਾ ਵਿਆਹ ਇਹਨਾਂ 14 ਦਿਨਾਂ ਦੇ ਵਿਚ ਹੀ ਹੋਣਾ ਸੀ। ਅਜਿਹੇ ਵਿਚ ਫੈਸਲਾ ਲੈਣਾ ਮੁਸ਼ਕਲ ਹੋ ਰਿਹਾ ਸੀ ਕਿ ਵਿਆਹ ਕੈਂਸਲ ਕੀਤਾ ਜਾਵੇ ਜਾਂ ਮਹਿਮਾਨਾਂ ਨੂੰ ਵਿਆਹ ਵਿਚ ਆਉਣ ਤੋਂ ਮਨਾ ਕਰ ਦਿੱਤਾ ਜਾਵੇ। ਇਹ ਦੋਵੇਂ ਵਿਕਲਪ ਮਨ ਮੁਤਾਬਕ ਨਹੀਂ ਸਨ।'' ਜੋੜੇ ਨੇ ਹੋਰ ਦੱਸਿਆ,''ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਰਸਮ ਬਿਨਾਂ ਵਾਅਦਿਆਂ ਦੇ ਪੂਰੀ ਹੋਵੇ। ਇਸ ਲਈ ਅਸੀਂ ਇਹ ਤਰਕੀਬ ਕੱਢੀ। ਅਸੀਂ ਤੈਅ ਕੀਤਾ ਕਿ ਵੈਡਿੰਗ ਮੈਨਿਊ 'ਤੇ ਸਾਰੇ ਮਹਿਮਾਨ ਠੀਕ ਉਸੇ ਤਰ੍ਹਾਂ ਪਹੁੰਚਣਗੇ ਜਿਵੇਂ ਕਿ ਇੰਤਜ਼ਾਮ ਕੀਤਾ ਗਿਆ ਹੈ ਪਰ ਲਾੜਾ-ਲਾੜੀ ਵਿਆਹ ਦੀਆਂ ਰਸਮਾਂ ਹੋਟਲ ਵਿਚ ਨਿਭਾਉਣਗੇ। ਇੱਥੋਂ ਹੀ ਸਾਰੇ ਮਹਿਮਾਨਾਂ ਦਾ ਸਵਾਗਤ ਕਰਨਗੇ।''  

ਯੋਜਨਾ ਮੁਤਾਬਕ ਵਿਆਹ ਦੀਆਂ ਰਸਮਾਂ ਲਾਈਵ ਸਟ੍ਰੀਮਿੰਗ ਜ਼ਰੀਏ ਮਹਿਮਾਨਾਂ ਨੇ ਦੇਖੀਆਂ ਅਤੇ ਵਿਆਹ ਹੋਣ ਮਗਰੋਂ ਇਹਨਾਂ ਨੇ ਮਹਿਮਾਨਾਂ ਨੂੰ ਕਿਹਾ,''ਤੁਹਾਡਾ ਸਾਰਿਆਂ ਦਾ ਸਾਡੇ ਵਿਆਹ ਵਿਚ ਆਉਣ ਲਈ ਧੰਨਵਾਦ। ਅਸੀਂ ਮੁਆਫੀ ਮੰਗਦੇ ਹਾਂ ਕਿ ਇਹ ਬਿਹਤਰੀਨ ਪਲ ਤੁਹਾਡੇ ਨਾਲ ਨਹੀਂ ਬਿਤਾ ਸਕੇ।'' ਵਿਆਹ ਵਿਚ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਲਾੜੀ ਦੀ ਭੈਣ ਨੇ ਕੀਤਾ ਕਿਉਂਕਿ ਲਾੜਾ-ਲਾੜੀ ਦੇ ਨਾਲ ਲਾੜੀ ਦੇ ਮਾਤਾ-ਪਿਤਾ ਵੀ ਉਹਨਾਂ ਦੇ ਨਾਲ ਵੁਹਾਨ ਗਏ ਸਨ।


Vandana

Content Editor

Related News