ਅਬਦੁੱਲ ਕਲਾਮ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਸਿੰਗਾਪੁਰ ''ਚ ਸੋਸਾਇਟੀ ਦਾ ਗਠਨ
Friday, Jul 27, 2018 - 04:50 PM (IST)

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁੱਲ ਕਲਾਮ ਦੇ ਸਨਮਾਨ ਵਿਚ ਇਕ ਸੋਸਾਇਟੀ ਦਾ ਗਠਨ ਕੀਤਾ ਗਿਆ ਹੈ। ਆਪਣੀ ਜ਼ਿੰਦਗੀ ਵਿਚ ਕਲਾਮ ਨੇ ਜਿਹੜੇ ਵਿਚਾਰਾਂ ਅਤੇ ਮੁੱਲਾਂ ਦਾ ਸਮਰਥਨ ਕੀਤਾ, ਉਨ੍ਹਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ 'ਦੀ ਅਬਦੁੱਲ ਕਲਾਮ ਵਿਜ਼ਨ ਸੋਸਾਇਟੀ' (ਏ.ਕੇ.ਵੀ.ਐੱਸ.) ਗਿਆਨ ਵਧਾਉਣ ਵਾਲੇ ਪ੍ਰੋਗਰਾਮਾਂ, ਲੈਕਚਰਾਂ ਅਤੇ ਲੇਖ ਮੁਕਾਬਲੇ ਦਾ ਆਯੋਜਨ ਕਰੇਗੀ। ਮਰਹੂਮ ਰਾਸ਼ਟਰਪਤੀ ਦੇ ਵਿਗਿਆਨਿਕ ਸਲਾਹਕਾਰ ਡਾਕਟਰ ਵੀ. ਪੋਨਰਾਜ ਸਮੇਤ ਕਰੀਬ 400 ਲੋਕਾਂ ਨੇ 21 ਜੁਲਾਈ ਨੂੰ ਸੋਸਾਇਟੀ ਦੇ ਉਦਘਾਟਨ ਵਿਚ ਹਿੱਸਾ ਲਿਆ।
ਪੋਨਰਾਜ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਏ.ਕੇ.ਵੀ.ਐੱਸ. ਸਾਬਕਾ ਰਾਸ਼ਟਰਪਤੀ ਦੇ ਦ੍ਰਿਸ਼ਟੀਕੋਣ ਨੂੰ ਅਸਲੀਅਤ ਵਿਚ ਬਦਲਣ ਵਿਚ ਖਾਸ ਭੂਮਿਕਾ ਨਿਭਾਏਗੀ। ਉਨ੍ਹਾਂ ਨੇ ਕਿਹਾ,''ਡਾਕਟਰ ਕਲਾਮ ਨੇ ਸਿਹਤ, ਵਾਤਾਵਰਣ, ਖੇਤੀਬਾੜੀ, ਊਰਜਾ, ਪਾਣੀ ਅਤੇ ਬੁਨਿਆਦੀ ਢਾਂਚਾ ਜਿਹੇ ਖੇਤਰਾਂ ਵਿਚ ਦੁਨੀਆ ਦੀਆਂ ਸਮੱਸਿਆਵਾਂ ਦੇ ਸੰਭਾਵੀ ਟਿਕਾਊ ਹੱਲ ਦਿੱਤੇ।'' ਉਦਘਾਟਨ ਦੀ ਸ਼ੁਰੂਆਤ ਕਰਨ ਵਾਲੇ ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਇੱਥੋਂ ਦੇ ਵਿਦਿਆਰਥੀਆਂ ਲਈ ਸਾਲਾਨਾ ਵਿਸ਼ੇਸ਼ ਲੈਕਚਰ ਅਤੇ ਲੇਖ ਮੁਕਾਬਲਾ ਸਮੇਤ ਗਿਆਨ ਆਧਾਰਿਤ ਪ੍ਰੋਗਰਾਮਾਂ ਦੇ ਆਯੋਜਨ ਦੀ ਪੇਸ਼ਕਸ਼ ਕੀਤੀ। ਸਿੰਗਾਪੁਰ ਦੇ ਸਾਬਕਾ ਡਿਪਲੋਮੈਟ ਭਾਰਤੀ ਕੇ. ਕੇਸ਼ਵਾਪਾਨੀ ਨੇ ਕਲਾਮ ਦੇ ਕਈ ਮੁੱਲਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ,''ਡਾਕਟਰ ਕਲਾਮ ਦਾ ਪ੍ਰੇਰਣਾਮਈ ਜੀਵਨ ਆਪਣੇ ਆਪ ਵਿਚ ਇਕ ਮਹਾਨ ਸਿੱਖਿਆ ਹੈ। ਉਹ ਨਾ ਸਿਰਫ ਭਾਰਤ ਦੇ ਨੇਤਾ ਸਨ ਸਗੋਂ ਉਹ ਵਿਸ਼ਵ ਨੇਤਾ ਸਨ। ਸਿੰਗਾਪੁਰ ਵਾਸੀਆਂ ਲਈ ਉਨ੍ਹਾਂ ਦੇ ਉਪਦੇਸ਼ਾਂ, ਮੁੱਲਾਂ ਅਤੇ ਜ਼ਿੰਦਗੀ ਤੋਂ ਸਿੱਖਣ ਲਈ ਕਾਫੀ ਕੁਝ ਹੈ ਅਤੇ ਇਹੀ ਇਸ ਸੰਗਠਨ ਦਾ ਉਦੇਸ਼ ਹੈ।''