ਸਿੰਗਾਪੁਰ ''ਚ ਭਾਰਤੀ-ਚੀਨੀ ਜੋੜੇ ''ਤੇ ਨਸਲੀ ਟਿੱਪਣੀ ਕਰਨਾ ਵਾਲਾ ਲੈਕਚਰਾਰ ਮੁਅੱਤਲ
Tuesday, Jun 08, 2021 - 03:08 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਇਕ ਰਾਜਨੀਤਕ ਸੰਸਥਾ ਦੇ ਚੀਨੀ ਮੂਲ ਦੇ ਇਕ ਲੈਕਚਰਾਰ ਨੂੰ ਕਥਿਤ ਤੌਰ 'ਤੇ ਇਕ ਭਾਰਤੀ-ਚੀਨੀ ਜੋੜੇ 'ਤੇ ਨਸਲੀ ਟਿੱਪਣੀ ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ। ਸਥਾਨਕ ਮੀਡੀਆ ਵਿਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਹ ਘਟਨਾ ਇਕ ਵੀਡੀਓ ਵਿਚ ਰਿਕਾਰਡ ਹੋ ਗਈ ਸੀ। ਐਂਗ ਐਨ ਪੌਲੀਟੈਕਨੀਕਲ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਸੰਸਥਾ ਉਸ ਵੀਡੀਓ ਤੋਂ ਜਾਣੂ ਹੈ ਅਤੇ ਚੀਨੀ ਮੂਲ ਦੇ ਲੈਕਚਰਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਬੁਲਾਰੇ ਨੇ ਕਿਹਾ,''ਸਾਨੂੰ ਅਫਸੋਸ ਹੈ ਕਿ ਇਹ ਵਿਅਕਤੀ ਸਾਡੇ ਸਟਾਫ ਦਾ ਮੈੰਬਰ ਹੈ। ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਕਿਉਂਕਿ ਉਸ ਵਿਅਕਤੀ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਹਨ ਉਹ ਬਹੁਤ ਹੀ ਇਤਰਾਜ਼ਯੋਗ, ਅਪਮਾਨਜਨਕ ਹੋਣ ਦੇ ਨਾਲ-ਨਾਲ ਸਾਡੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਅਤੇ ਸਾਡੇ ਸਟਾਫ ਲਈ ਜਿਹੜੀ ਚੋਣ ਜਾਬਤਾ ਹੈ ਉਸ ਦੇ ਖ਼ਿਲਾਫ਼ ਹਨ। ਅਸੀਂ ਮਾਮਲੇ ਦੀ ਅੰਦਰੂਨੀ ਜਾਂਚ ਕਰ ਰਹੇ ਹਾਂ ਅਤੇ ਅਨੁਸ਼ਾਸਨੀ ਕਾਰਵਾਈ 'ਤੇ ਵੀ ਵਿਚਾਰ ਕਰ ਰਹੇ ਹਾਂ। ਉਦੋਂ ਤੱਕ ਲਈ ਉਸ ਨੂੰ ਅਧਿਆਪਨ ਕੰਮ ਤੇਂ ਮੁਅੱਤਲ ਕਰ ਦਿੱਤਾ ਗਿਆ ਹੈ।''
ਪੜ੍ਹੋ ਇਹ ਅਹਿਮ ਖਬਰ- ਦੋ ਕੀਵੀ ਭਾਰਤੀ ਗੁਰਪ੍ਰੀਤ ਅਰੋੜਾ ਅਤੇ ਸਮੀਰ ਹਾਂਡਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ
ਪੁਲਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦਾ ਵੀਡੀਓ ਦੇਵ ਪ੍ਰਕਾਸ਼ ਨਾਮ ਦੇ ਵਿਅਕਤੀ ਨੇ ਇੰਟਰਨੈੱਟ 'ਤੇ ਪਾਇਆ ਸੀ। ਇਸ ਵਿਚ ਲਾਲ ਰੰਗ ਦੀ ਕਮੀਜ਼ ਪਹਿਨੇ ਇਕ ਵਿਅਕਤੀ ਪ੍ਰਕਾਸ਼ ਅਤੇ ਉਸ ਦੀ ਔਰਤ ਦੋਸਤ ਨੂੰ ਇਹ ਕਹਿੰਦੇ ਹੋਏ ਨਜ਼ਰ ਆਉਂਦਾ ਹੈ ਕਿ ਉਹ ਆਪਣੀ ਨਸਲ ਦੇ ਲੋਕਾਂ ਨਾਲ ਦੋਸਤੀ ਕਰੇ। ਇਹ ਵਿਅਕਤੀ ਇਸ ਵੀਡੀਓ ਵਿਚ ਖੁਦ ਨੂੰ ਚੀਨੀ-ਸਿੰਗਾਪੁਰੀ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਤੁਹਾਡੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਮੇਰਾ ਖਿਆਲ ਹੈ ਕਿ ਕੋਈ ਭਾਰਤੀ ਜੇਕਰ ਚੀਨ ਦੀ ਕੁੜੀ ਨਾਲ ਦੋਸਤੀ ਕਰਦਾ ਹੈ ਤਾਂ ਇਹ ਨਸਲੀ ਹੈ। ਪ੍ਰਕਾਸ਼ ਨੇ ਵੀਡੀਓ ਆਨਲਾਈਨ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਅਜਿਹੀ ਆਸ ਹੈ ਕਿ ਹੁਣ ਲੋਕ ਇਹ ਸਮਝਣਗੇ ਕਿ ਦੂਜਿਆਂ ਨੂੰ ਉਹਨਾਂ ਦੀ ਨਸਲ ਅਤੇ ਸਕਿਨ ਦੇ ਰੰਗ ਕਾਰਨ ਸ਼ਰਮਿੰਦਾ ਕਰਵਾਉਣਾ ਠੀਕ ਨਹੀਂ ਹੈ।
ਇਸ ਵੀਡੀਓ ਨੂੰ ਫੇਸਬੁੱਕ 'ਤੇ ਸਾਂਝਾ ਕਰਦਿਆਂ ਗ੍ਰਹਿ ਮਾਮਲੇ ਅਤੇ ਕਾਨੂੰਨ ਮੰਤਰੀ ਕੇ ਸ਼ਨਮੁਗਨ ਨੇ ਲਿਖਿਆ,''ਮੈਨੂੰ ਲੱਗਦਾ ਸੀ ਕਿ ਸਿੰਗਾਪੁਰ ਨਸਲੀ ਸਹਿਣਸ਼ੀਲਤਾ ਅਤੇ ਸਦਭਾਵਨਾ ਦੇ ਮਾਮਲੇ ਵਿਚ ਸਹੀ ਦਿਸ਼ਾ ਵਿਚ ਵੱਧ ਰਿਹਾ ਹੈ ਪਰ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੂੰ ਦੇਖਦੇ ਹੋਏ ਹੁਣ ਇਸ ਗੱਲ ਨੂੰ ਮੈਂ ਜ਼ਿਆਦਾ ਵਿਸ਼ਵਾਸ ਨਾਲ ਨਹੀਂ ਕਹਿ ਸਕਦਾ।'' ਉਹਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਅਸਵੀਕਾਰਯੋਗ ਅਤੇ ਚਿੰਤਾਜਨਕ ਦੱਸਿਆ।