ਸਿੰਗਾਪੁਰ ਵਿਚ ਭਾਰਤੀ ਮੂਲ ਦੇ ਮਲੇਸ਼ਿਆਈ ਵਿਅਕਤੀ ਨੂੰ 24 ਕੋੜੇ ਮਾਰਨ ਦੇ ਨਾਲ ਉਮਰ ਕੈਦ ਦੀ ਸਜ਼ਾ

08/23/2017 12:00:01 PM

ਸਿੰਗਾਪੁਰ— ਸਿੰਗਾਪੁਰ ਵਿਚ ਭਾਰਤੀ ਮੂਲ ਦੇ ਮਲੇਸ਼ਿਆਈ ਵਿਅਕਤੀ ਨੂੰ ਨਸ਼ੀਲੀ ਦਵਾਈਆਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ 24 ਕੋੜੇ ਮਾਰਨ  ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ । ਇਕ ਖਬਰ ਮੁਤਾਬਕ 30 ਸਾਲ ਦਾ ਸਰਵਾਨਨ ਚੰਦਰਮ ਨੂੰ ਨਿਯੰਤਰਿਤ ਦਵਾਈਆਂ ਦਾ ਆਯਾਤ ਕਰਨ ਦਾ ਦੋਸ਼ੀ ਪਾਇਆ ਗਿਆ । ਉਸ ਨੂੰ ਵਧ ਤੋਂ ਵਧ 24 ਕੋੜੇ ਮਾਰਨ ਦੀ ਸਜ਼ਾ ਵੀ ਸੁਣਾਈ ਗਈ । ਇਸਤਗਾਸਾ ਨੇ ਅਦਾਲਤ ਵਿਚ ਕਿਹਾ ਕਿ ਸਰਵਾਨਨ ਸਿਰਫ ਦਵਾਈਆਂ ਪਹੁੰਚਾਉਣ ਦਾ ਕੰਮ ਕਰਦਾ ਸੀ ਅਤੇ ਉਸ ਨੇ ਦਵਾਈਆਂ ਦੀ ਤਸਕਰੀ ਦਾ ਪਤਾ ਲਗਾਉਣ ਵਿਚ ਅਧਿਕਾਰੀਆਂ ਦੀ ਮਦਦ ਕੀਤੀ । ਇਸ ਕਾਰਨ ਜੱਜ ਨੇ ਇਸ ਲਈ ਲਾਜ਼ਮੀ ਮੌਤ ਦੀ ਸਜ਼ਾ ਦੀ ਬਜਾਏ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ । 
ਜ਼ਿਕਰਯੋਗ ਹੈ ਕਿ ਸਰਵਾਨਨ ਨੂੰ ਨਿਯੰਤਰਿਤ ਦਵਾਈਆਂ ਦੇ 10 ਬੰਡਲਾਂ ਨਾਲ ਫੜਿਆ ਗਿਆ । 5 ਨਵੰਬਰ 2014 ਨੂੰ ਉਸ ਨੇ ਇਕ ਕਾਰ ਕਿਰਾਏ ਉੱਤੇ ਲਈ ਅਤੇ ਦੱਖਣੀ ਮਲੇਸ਼ੀਆ ਦੇ ਜੋਹੋਰ ਸੂਬੇ ਵਿਚ ਆਯਾ ਨਾਮ ਦੇ ਦਵਾਈ ਗਿਰੋਹ ਦੇ ਮੁਖੀ ਨੂੰ ਮਿਲਿਆ, ਜਿੱਥੇ ਉਸ ਨੇ ਦਵਾਈਆਂ ਦੇ 10 ਬੰਡਲ ਇਕੱਠੇ ਕੀਤੇ । ਆਯਾ ਦੇ ਬਾਡੀਗਾਰਡ ਅਤੇ ਨਿੱਜੀ ਡਰਾਈਵਰ ਦੇ ਤੌਰ ਉੱਤੇ ਕੰਮ ਕਰਨ ਵਾਲੇ ਸਰਵਾਨਨ ਨੇ ਆਪਣੀ ਕਾਰ ਵਿਚ ਇਨ੍ਹਾਂ ਬੰਡਲਾਂ ਨੂੰ ਲੁਕਾ ਕੇ ਰੱਖਿਆ ਸੀ । ਬਚਾਅ ਪੱਖ ਦੇ ਵਕੀਲ ਸਿੰਗਾ ਰੇਤਨਾਮ ਨੇ ਪਿਛਲੇ ਮਹੀਨੇ ਅਦਾਲਤ ਵਿਚ ਆਪਣੀ ਅੰਤਿਮ ਦਲੀਲਾਂ ਵਿਚ ਕਿਹਾ ਕਿ ਸਰਵਾਨਨ ਨੇ ਆਯਾ ਤੋਂ 1,270 ਸਿੰਗਾਪੁਰ ਡਾਲਰ ਲਏ ਸਨ, ਕਿਉਂਕਿ ਉਸ ਕੋਲ ਆਪਣੇ ਬੇਟੇ ਦੇ ਆਪਰੇਸ਼ਨ ਲਈ ਪੈਸੇ ਨਹੀਂ ਸਨ । ਅਖਬਾਰ ਨੇ ਦੱਸਿਆ ਕਿ ਸਰਵਾਨਨ 5 ਨਵੰਬਰ 2014 ਨੂੰ ਜਾਹੋਰ ਪਰਤਿਆ ਅਤੇ ਉਸ ਦੇ ਮਾਲਿਕ ਨੇ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਪਰ ਉਹ ਅਜਿਹਾ ਨਹੀਂ ਕਰ ਸਕਿਆ । ਇਸ ਬਦਲੇ ਵਿਚ ਉਹ ਤੰਬਾਕੂ ਦੇ 10 ਪੈਕੇਟ ਪਹੁੰਚਾਣ ਉੱਤੇ ਰਾਜੀ ਹੋ ਗਿਆ । ਬਚਾਅ ਪੱਖ ਨੇ ਕਿਹਾ ਕਿ ਸਰਵਾਨਨ ਨੂੰ ਲੱਗਾ ਸੀ ਕਿ ਉਹ ਤੰਬਾਕੂ ਦੇ 10 ਪੈਕੇਟ ਪਹੁੰਚਾ ਰਿਹਾ ਹੈ । ਉਸ ਨੂੰ ਨਹੀਂ ਪਤਾ ਸੀ ਕਿ ਇਸ ਵਿਚ ਨਸ਼ੀਲੀਆਂ ਦਵਾਈਆਂ ਹਨ ਪਰ ਦੂਜੇ ਪੱਖ ਨੇ ਕਿਹਾ ਕਿ ਸਰਵਾਨਨ ਦੀ ਗੱਲ ਭਰੋਸੇਯੋਗ ਨਹੀਂ ਹੈ।


Related News