ਸਾਬਕਾ ਬ੍ਰਿਟਿਸ਼ PM ਬ੍ਰਾਊਨ ਸਮੇਤ ਭਾਰਤੀ ਮੂਲ ਦੇ ਕਈ ਲੋਕਾਂ ਨੂੰ ਸਮਾਜ ਸੇਵਾ ਲਈ ਕੀਤਾ ਗਿਆ ਸਨਮਾਨਤ
Saturday, Jun 15, 2024 - 06:36 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ, ‘ਪੋਸਟ ਆਫ਼ਿਸ ਪ੍ਰਚਾਰਕ’ ਐਲਨ ਬੇਟਸ ਅਤੇ ਭਾਰਤੀ ਮੂਲ ਦੇ ਕਈ ਲੋਕਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਮਾਜ ਸੇਵਾ ਲਈ ਸਨਮਾਨਿਤ ਕੀਤਾ ਗਿਆ। ਇਸ ਸਨਮਾਨ 'ਦਿ ਆਰਡਰ ਆਫ਼ ਦਿ ਕੰਪੈਨੀਅਨਜ਼ ਆਫ਼ ਆਨਰ' ਦੀ ਸ਼ੁਰੂਆਤ 1917 'ਚ ਕਿੰਗ ਜਾਰਜ ਪੰਚਮ ਨੇ ਕਲਾ, ਵਿਗਿਆਨ, ਮੈਡੀਕਲ ਅਤੇ ਜਨਤਕ ਸੇਵਾ 'ਚ ਸ਼ਾਨਦਾਰ ਉਪਲੱਬਧੀਆਂ ਨੂੰ ਮਾਨਤਾ ਦੇਣ ਲਈ ਕੀਤੀ ਸੀ। ਇਸ ਸਾਲ ਸ਼ੁੱਕਰਵਾਰ ਨੂੰ 1,077 ਲੋਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਇਹ ਸਨਮਾਨ ਦਿੱਤਾ ਗਿਆ, ਜਿਨ੍ਹਾਂ 'ਚ 509 ਔਰਤਾਂ ਸ਼ਾਮਲ ਹਨ। ਬ੍ਰਾਊਨ (73) ਨੂੰ ਬ੍ਰਿਟੇਨ ਅਤੇ ਵਿਦੇਸ਼ਾਂ 'ਚ ਸਮਾਜ ਦੇ ਪ੍ਰਤੀ ਉਨ੍ਹਾਂ ਦੇ ਸ਼ਾਨਦਾਰ ਕੰਮਾਂ ਅਤੇ ਚੈਰੀਟੇਬਲ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ। ਉਹ 2007 ਤੋਂ 2010 ਤੱਕ ਬ੍ਰਿਟਿਸ਼ ਪ੍ਰਧਾਨ ਮੰਤਰੀ ਰਹੇ।
ਬ੍ਰਾਊਨ ਤੋਂ ਇਲਾਵਾ 'ਪੋਸਟ ਆਫ਼ਿਸ ਪ੍ਰਚਾਰਕ' ਐਲਨ ਬੇਟਸ ਅਤੇ ਮਹਿਲਾ ਕਲਾਕਾਰ ਟ੍ਰੇਸੀ ਐਮਿਨ ਵੀ ਸਨਮਾਨ ਪਾਉਣ ਵਾਲੇ ਪ੍ਰਸਿੱਧ ਚਿਹਰਿਆਂ 'ਚ ਸ਼ਾਮਲ ਹਨ। ਬੇਟਸ ਨੂੰ 'ਪੋਸਟ ਆਫ਼ਿਸ ਹੋਰਾਈਜ਼ਨ ਆਈਟੀ' ਘਪਲਿਆਂ ਦਾ ਪਰਦਾਫਾਸ਼ ਕਰਨ 'ਚ ਉਨ੍ਹਾਂ ਦੇ ਯੋਗਦਾਨ ਲਈ ਨਾਈਟ ਦੀ ਉਪਾਧੀ ਦਿੱਤੀ ਗਈ। ਇਸ ਸੂਚੀ 'ਚ ਕਈ ਭਾਰਤੀਆਂ ਦੇ ਨਾਂ ਵੀ ਸ਼ਾਮਲ ਹਨ। ਸੂਚੀ 'ਚ ਨਾਮਜ਼ਦ ਭਾਰਤੀ ਮੂਲ ਦੇ ਮੁੱਖ ਲੋਕਾਂ 'ਚ ਕਰਮਾ ਨਿਰਵਾਣ ਦੀ ਸੰਸਥਾਪਕ ਅਤੇ ਮਨੁੱਖੀ ਅਧਿਕਾਰ ਵਰਕਰ ਜਸਵਿੰਦਰ ਕੌਰ ਸੰਘੇਰਾ ਵੀ ਸ਼ਾਮਲ ਹਨ। ਹੋਰ ਲੋਕਾਂ 'ਚ ਸ਼ਾਲਿਨੀ ਅਰੋੜਾ, ਸ਼ਰੂਤੀ ਕਪਿਲਾ, ਜਮਸ਼ੇਦ ਬੋਮਨਜੀ, ਰਵਿੰਦਰ ਕੌਰ ਬੁੱਟਰ, ਰਾਜੇਸ਼ ਵਸੰਤਲਾਲ ਠੱਕਰ ਅਤੇ ਸੁਭਾਸ਼ ਵਿਠਲਦਾਸ ਠੱਕਰ ਦਾ ਨਾਂ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8