ਸਿੰਗਾਪੁਰ : ਰਿਸ਼ਵਤ ਲੈਣ ਦੇ ਦੋਸ਼ ''ਚ ਭਾਰਤੀ ਸ਼ਖਸ ਨੂੰ ਜੇਲ ਤੇ ਜੁਰਮਾਨਾ

04/30/2019 12:31:43 PM

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਇਕ ਯਾਤਰੀ ਦੇ ਸਾਮਾਨ ਦਾ ਵਜ਼ਨ ਘੱਟ ਦੱਸਣ ਲਈ ਰਿਸ਼ਵਤ ਲੈਣ ਦੇ ਜ਼ੁਰਮ ਵਿਚ 37 ਸਾਲਾ ਭਾਰਤੀ ਨੂੰ 8 ਹਫਤੇ ਦੀ ਜੇਲ ਅਤੇ 800 ਸਿੰਗਾਪੁਰੀ ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ ਹਿਤੇਸ਼ ਕੁਮਾਰ ਚੰਦੂਭਾਈ ਪਟੇਲ 'ਤੇ 800 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਪਟੇਲ ਜਨਵਰੀ 2015 ਤੋਂ ਨਵੰਬਰ 2016 ਤੱਕ ਯੂ.ਬੀ.ਟੀ.ਐੱਸ. ਵਿਚ ਕਸਟਮਰ ਸਰਵਿਸ ਐਸੋਸੀਏਟ ਅਹੁਦੇ 'ਤੇ ਕੰਮ ਕਰਦਾ ਸੀ। 

ਪਟੇਲ ਦਾ ਕੰਮ ਟਾਈਗਰ ਏਅਰ ਦੇ ਬੋਰਡਿੰਗ ਗੇਟ ਅਤੇ ਚੈੱਕ-ਇਨ ਕਾਊਂਟਰਾਂ 'ਤੇ ਯਾਤਰੀਆਂ ਦੀ ਮਦਦ ਕਰਨਾ ਸੀ। ਇਸ ਦੌਰਾਨ ਪਟੇਲ ਨੇ ਭਾਰਤੀ ਨਾਗਰਿਕ ਗੋਪਾਲ ਕ੍ਰਿਸ਼ਨ ਰਾਜੂ ਤੋਂ ਰਿਸ਼ਵਤ ਲਈ। ਰਾਜੂ ਸਿੰਗਾਪੁਰ ਤੋਂ ਸੋਨਾ ਖਰੀਦ ਕੇ ਉਸ ਨੂੰ ਚੇਨਈ ਭੇਜਣ ਦਾ ਕਾਰੋਬਾਰ ਕਰਦਾ ਹੈ। ਖਬਰ ਮੁਤਾਬਕ ਰਾਜੂ ਕੁਰੀਅਰ ਸੇਵਾ ਜ਼ਰੀਏ ਸੋਨਾ ਚੇਨਈ ਭੇਜਣ ਦੀ ਜਗ੍ਹਾ ਉਸ ਨੂੰ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਦਿੰਦਾ ਸੀ ਅਤੇ ਉਸ ਦੇ ਰਿਸ਼ਤੇਦਾਰ ਚੇਨਈ ਵਿਚ ਉਸ ਤੋਂ ਸੋਨਾ ਲੈ ਲੈਂਦੇ ਸਨ। ਇਸੇ ਦੌਰਾਨ ਰਾਜੂ ਨੇ ਜਨਵਰੀ ਤੋਂ ਅਕਤੂਬਰ 2016 ਤੱਕ ਪਟੇਲ ਨੂੰ ਰਿਸ਼ਵਤ ਦਿੱਤੀ ਤਾਂ ਜੋ ਉਹ ਯਾਤਰੀਆਂ ਦੇ ਸਾਮਾਨ ਦਾ ਵਜ਼ਨ ਘੱਟ ਦੱਸੇ। ਬੀਤੇ ਇਕ ਹਫਤੇ ਵਿਚ ਅਜਿਹੇ ਮਾਮਲੇ ਵਿਚ ਜੇਲ ਜਾਣ ਵਾਲਾ ਪਟੇਲ ਤੀਜਾ ਵਿਅਕਤੀ ਹੈ।


Vandana

Content Editor

Related News