ISI ਦੀ ਸਾਜਸ਼! ਪਾਕਿ ਏਅਰਲਾਈਨਜ਼ ਨੇ ਨੌਕਰੀਓਂ ਕੱਢੇ ਸਿੰਧ ਤੇ ਬਲੋਚ ਦੇ ਕਾਮੇ
Saturday, Jan 02, 2021 - 05:49 PM (IST)
ਇਸਲਾਮਾਬਾਦ- ਪਾਕਿਸਤਾਨ ਕੌਮਾਂਤਰੀ ਏਅਰਲਾਈਨ ਨੇ ਤਕਰੀਬਨ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਹਟਾਏ ਗਏ ਜ਼ਿਆਦਾਤਰ ਲੋਕ ਸਿੰਧ ਅਤੇ ਬਲੋਚਿਸਤਾਨ ਸੂਬੇ ਨਾਲ ਸਬੰਧਤ ਸਨ। ਪੀ. ਆਈ. ਏ. ਵਲੋਂ ਆਪਣਾ ਦਫ਼ਤਰ ਕਰਾਚੀ ਤੋਂ ਇਸਲਾਮਾਬਾਦ ਟਰਾਂਸਫਰ ਕਰਨ ਦੇ ਬਾਅਦ ਇਸ ਫੈਸਲੇ ਦਾ ਸਿੰਧ ਅਤੇ ਬਲੋਚਿਸਤਾਨ ਵਿਚ ਸਖ਼ਤ ਵਿਰੋਧ ਹੋ ਰਿਹਾ ਹੈ।
ਸਰਕਾਰ ਦੇ ਇਸ ਫੈਸਲੇ ਦੇ ਪਿੱਛੇ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਹੱਥ ਵੀ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਏਅਰਲਾਈਨਜ਼ ਦਾ ਦਫ਼ਤਰ ਟਰਾਂਸਫਰ ਕੀਤਾ ਗਿਆ ਅਤੇ ਸੈਂਕੜੇ ਅਧਿਕਾਰੀਆਂ-ਕਰਮਚਾਰੀਆਂ ਨੂੰ ਕੱਢਿਆ ਗਿਆ। ਇਸ ਪ੍ਰਕਿਰਿਆ ਵਿਚ 800 ਕਰਮਚਾਰੀ ਕਰਾਚੀ ਤੋਂ ਇਸਲਾਮਾਬਾਦ ਟਰਾਂਸਫਰ ਕੀਤੇ ਗਏ। ਇਨ੍ਹਾਂ ਵਿਚੋਂ ਸਿੰਧੀ ਤੇ ਉਰਦੂ ਭਾਸ਼ਾ ਬੋਲਣ ਵਾਲੇ ਕਈ ਅਧਿਕਾਰੀਆਂ ਨੇ ਇਸਲਾਮਾਬਾਦ ਜਾਣ ਦੀ ਥਾਂ ਛੁੱਟੀ ਲੈਣ ਦਾ ਹੀ ਫੈਸਲਾ ਕਰ ਲਿਆ।ਉਨ੍ਹਾਂ ਮੁਤਾਬਕ ਕਰਾਚੀ ਤੋਂ ਜ਼ਿਆਦਾ ਮਹਿੰਗੇ ਇਸਲਾਮਾਬਾਦ ਵਿਚ ਹੋਰ ਸਥਿਤੀਆਂ ਵੀ ਸਕਾਰਾਤਮਕ ਨਹੀਂ ਸਨ। ਇਸ ਲਈ ਇੱਥੇ ਜਾਣਾ ਉਚਿਤ ਨਹੀਂ ਸੀ।
ਇਸ ਤੋਂ ਪਹਿਲਾਂ ਸਰਕਾਰ ਸਮਰਥਿਤ ਪੀ. ਆਈ. ਏ. ਦੇ ਸੀ. ਈ. ਓ. ਰਿਟਾਇਰਡ ਏਅਰ ਚੀਫ਼ ਮਾਰਸ਼ਲ ਅਰਸ਼ਦ ਮਲਿਕ ਨੇ ਵੱਖਰੇ ਕਾਰਨਾਂ ਕਾਰਨ 900 ਕਰਮਚਾਰੀਆਂ ਨੂੰ ਅਨੁਸ਼ਾਸਨ ਸਬੰਧੀ ਕਾਰਵਾਈ ਕਰਦਿਆਂ ਹਟਾ ਦਿੱਤਾ ਸੀ। ਇਨ੍ਹਾਂ ਲੋਕਾਂ ਨੂੰ ਭ੍ਰਿਸ਼ਟਾਚਾਰ, ਫਰਜ਼ੀ ਡਿਗਰੀ ਦੇ ਆਧਾਰ 'ਤੇ ਨੌਕਰੀ ਲੈਣ ਅਤੇ ਹੋਰ ਦੋਸ਼ਾਂ ਵਿਚ ਹਟਾਇਆ ਗਿਆ। ਪੀ. ਆਈ. ਏ. ਅਧਿਕਾਰੀ ਐਸੋਸੀਏਸ਼ਨ ਦੇ ਮਹਾਸਕੱਤਰ ਸਫਦਰ ਅੰਜੁਮ ਦਾ ਦਾਅਵਾ ਹੈ ਕਿ ਏਅਰ ਮਾਰਸ਼ਲ ਮਲਿਕ ਅਤੇ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਦੇ ਆਵਾਸ ਅਤੇ ਪਰਿਵਾਰ ਇਸਲਾਮਾਬਾਦ ਵਿਚ ਹੋਣ ਦੀ ਥਾਂ ਏਅਰਲਾਈਨਜ਼ ਦਾ ਦਫਤਰ ਉੱਥੋਂ ਟਰਾਂਸਫਰ ਕੀਤਾ ਗਿਆ।