''ਪੱਤਰ'' ਮੁਕਾਬਲਾ ਜਿੱਤ ਕੇ ਸਿਮਰਤ ਕੌਰ ਨੇ ਰੌਸ਼ਨ ਕੀਤਾ ਸਿੱਖ ਭਾਈਚਾਰੇ ਦਾ ਨਾਂ
Monday, Feb 24, 2025 - 01:36 PM (IST)

ਕਰੇਮੋਨਾ (ਦਲਵੀਰ ਸਿੰਘ ਕੈਂਥ)- ਪ੍ਰਸਿੱਧ ਰਾਜਨੀਤਕ, ਅਰਥ ਸ਼ਾਸ਼ਤਰ ਅਤੇ ਇਟਲੀ ਦੇ ਦੂਸਰੇ ਰਾਸ਼ਟਰਪਤੀ ਲੁਈਜੀ ਈਨਾਉਦੀ ਨੇ 1948 ਤੋਂ 1955 ਤੱਕ ਇਟਲੀ ਦੇ ਦੂਜੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਹੈ। ਇਤਾਲਵੀ ਗਣਰਾਜ ਦੇ ਸੰਸਥਾਪਕਾਂ ’ਚੋਂ ਇਕ ਮੰਨੇ ਜਾਂਦੇ ਲੁਈਜੀ ਈਨਾਉਦੀ ਦੇ 150ਵੇਂ ਜਨਮ ਦਿਨ ਮੌਕੇ ਇਟਲੀ ਸਰਕਾਰ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀ ‘ਪੱਤਰ’ ਨਾਂ ਦੀ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ, ਜਿਸ ’ਚ ਸਭ ਬੱਚਿਆਂ ਨੂੰ ਪਛਾੜਦਿਆਂ ਗੁਰਸਿੱਖ ਲੜਕੀ ਸਿਮਰਤ ਕੌਰ ਨੇ ਇਹ ਮੁਕਾਬਲਾ ਜਿੱਤ ਕੇ ਸਿੱਖ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ 18 ਸਾਲਾ ਸਿਮਰਤ ਕੌਰ ਨੇ ਰਾਸ਼ਟਰਪਤੀ ਲੁਈਜੀ ਈਨਾਉਦੀ ਦੀ ਜੀਵਨੀ ’ਤੇ ਲੇਖ ਲਿਖਿਆ, ਜਿਸ ਨੂੰ ਪੂਰੀ ਇਟਲੀ ’ਚ ਪਹਿਲਾ ਸਥਾਨ ਪ੍ਰਾਪਤ ਹੋਇਆ। ਸਿਮਰਤ ਕੌਰ ਕਰੇਮੋਨਾ ਦੇ ਸਕੂਲ ’ਚ ਗ੍ਰਾਫਿਕ ਅਤੇ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਹੀ ਹੈ। ਉਸ ਦੇ ਇਸ ਕਮਾਲ ਨੇ ਜਿਥੇ ਇਟਲੀ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਹੈ, ਉਥੇ ਹੀ ਸਿੱਖ ਅਤੇ ਭਾਰਤੀ ਭਾਈਚਾਰਾ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ। ਗੱਲਬਾਤ ਕਰਦਿਆਂ ਸਿਮਰਤ ਕੌਰ ਦੇ ਪਿਤਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਰੇ ਪਰਿਵਾਰ ਨਾਲ ਇਟਲੀ ਦੇ ਕਰੇਮੋਨਾ ਜ਼ਿਲ੍ਹੇ ਦੇ ਰਵੇਕੋ ਦੀ ਓਲੀਓ ਵਿਖੇ ਰਹਿੰਦੇ ਹਨ। ਉਨ੍ਹਾਂ ਦੀ ਹੋਣਹਾਰ ਧੀ ਪੜ੍ਹਾਈ ਦੇ ਨਾਲ-ਨਾਲ ਬਚਪਨ ਤੋਂ ਹੀ ਗੱਤਕੇ ’ਚ ਵੀ ਚੰਗੀ ਮੁਹਾਰਤ ਰੱਖਦੀ ਹੈ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਇਹ ਜਿੱਤ ਪ੍ਰਾਪਤ ਹੋਈ।