''ਪੱਤਰ'' ਮੁਕਾਬਲਾ ਜਿੱਤ ਕੇ ਸਿੱਖ ਭਾਈਚਾਰੇ ਦਾ ਨਾਂ ਰੌਸ਼ਨ ਕਰਨ ਵਾਲੀ ਸਿਮਰਤ ਕੌਰ ਸਨਮਾਨਿਤ
Wednesday, Mar 05, 2025 - 04:08 PM (IST)

ਰੋਮ (ਦਲਵੀਰ ਸਿੰਘ ਕੈਂਥ)- ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਫੁੱਲਵਾੜੀ ਦੀ ਮਹਿਕ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਸਮਾਜ ਨੂੰ ਮਹਿਕਾ ਰਹੀ ਹੈ ਤੇ ਇਸ ਫੁੱਲਵਾੜੀ ਦਾ ਇੱਕ ਫੁੱਲ ਹੈ ਗੁਰਸਿੱਖ ਸਿਮਰਤ ਕੌਰ, ਜੋ ਇਨ੍ਹਾਂ ਦਿਨੀਂ ਭਾਰਤੀ ਮੀਡੀਆ ਤੋਂ ਇਲਾਵਾ ਇਟਾਲੀਅਨ ਮੀਡੀਆ ਦੀਆਂ ਸੁਰਖੀਆਂ ਬਟੋਰ ਰਹੀ ਹੈ। ਦਰਅਸਲ ਬੀਤੇ ਦਿਨੀਂ ਇਤਾਲਵੀ ਗਣਰਾਜ ਦੇ ਸੰਸਥਾਪਕਾਂ ’ਚੋਂ ਇਕ ਮੰਨੇ ਜਾਂਦੇ ਲੁਈਜੀ ਈਨਾਉਦੀ ਦੇ 150ਵੇਂ ਜਨਮ ਦਿਨ ਮੌਕੇ ਇਟਲੀ ਸਰਕਾਰ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀ ‘ਪੱਤਰ’ ਨਾਂ ਦੀ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ, ਜਿਸ ’ਚ ਸਭ ਬੱਚਿਆਂ ਨੂੰ ਪਛਾੜਦਿਆਂ ਗੁਰਸਿੱਖ ਲੜਕੀ ਸਿਮਰਤ ਕੌਰ ਨੇ ਇਹ ਮੁਕਾਬਲਾ ਜਿੱਤ ਕੇ ਸਿੱਖ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਸੀ। 18 ਸਾਲਾ ਸਿਮਰਤ ਕੌਰ ਨੇ ਰਾਸ਼ਟਰਪਤੀ ਲੁਈਜੀ ਈਨਾਉਦੀ ਦੀ ਜੀਵਨੀ ’ਤੇ ਲੇਖ ਲਿਖਿਆ, ਜਿਸ ਨੂੰ ਪੂਰੀ ਇਟਲੀ ’ਚ ਪਹਿਲਾ ਸਥਾਨ ਪ੍ਰਾਪਤ ਹੋਇਆ। ਇਸੇ ਲਈ ਹੁਣ ਸਿਮਰਤ ਕੌਰ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲ ਰਹੇ ਹਨ। ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ, ਤੋਰੇ ਦੀ ਪਿਚਨਾਰਦੀ, ਕਰੇਮੋਨਾ ਦੀ ਪ੍ਰਬੰਧਕ ਕਮੇਟੀ ਵੱਲੋਂ ਉਸਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ।
ਸਿਮਰਤ ਕੌਰ ਆਪਣੇ ਪਰਿਵਾਰ ਸਮੇਤ ਕਰੇਮੋਨਾ ਜ਼ਿਲ੍ਹੇ ਦੇ ਰੇਬੈਕੋ ਦੀ ਓਲੀਓ ਵਿਖੇ ਰਹਿ ਰਹੀ ਹੈ ਅਤੇ ਕਰੇਮੋਨਾ ਦੇ ਇੱਕ ਸਕੂਲ ਵਿਚ ਗਰਾਫਿਕ ਅਤੇ ਕਮਿਊਨੀਕੇਸ਼ਨ ਦੀ ਵਿਦਿਆਰਥਣ ਹੈ। ਇਸ ਤੋਂ ਇਲਾਵਾ ਉਹ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਗਤਕੇ ਦੇ ਅਦਭੁਤ ਜੌਹਰ ਦਿਖਾਉਂਦੀ ਹੈ। ਸਿਮਰਤ ਕੌਰ ਬਚਪਨ ਵਿੱਚ ਹੀ ਪੂਰਨ ਗੁਰਸਿੱਖ ਬਣ ਗਈ। ਉਹ ਇੱਕ ਵਿਲੱਖਣ ਅਤੇ ਬਹੁਪੱਖੀ ਸ਼ਖ਼ਸੀਅਤ ਦੀ ਮਾਲਿਕ ਹੈ। ਗੁਰਮਤਿ ਸੰਗੀਤ ਨਾਲ ਉਸ ਦਾ ਬਹੁਤ ਮੋਹ ਹੈ ਅਤੇ ਉਹ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ ਦੀ ਹਾਜ਼ਰੀ ਵੀ ਭਰਦੀ ਹੈ।