ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ''ਚ ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਵਿਖੇ ਮਨਾਏ ਜਸ਼ਨ
Monday, Jun 27, 2022 - 11:39 PM (IST)
ਲੰਡਨ (ਸਮਰਾ) : ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਜ਼ਿਮਨੀ ਚੋਣ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਮਨੀ ਚੋਣ ਸੰਗਰੂਰ ਵਿਖੇ ਹਾਸਲ ਕੀਤੀ ਇਤਿਹਾਸਕ ਜਿੱਤ ਦੇ ਜਸ਼ਨ ਪੰਜਾਬੀ ਭਾਈਚਾਰੇ ਨੇ ਲੱਡੂ ਵੰਡ ਕੇ ਮਨਾਏ। ਇਸ ਦੌਰਾਨ ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਵਿਖੇ ਭਾਈ ਬਲਵਿੰਦਰ ਸਿੰਘ ਪੱਟੀ ਵਾਲਿਆਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅੱਜ ਵੀ ਪੰਜਾਬੀ ਦਿੱਲੀ ਦੀ ਈਨ ਨਹੀਂ ਮੰਨਦੇ।
ਖ਼ਬਰ ਇਹ ਵੀ : ਬਜਟ ਦੌਰਾਨ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ ਤਾਂ ਉਥੇ ਆਰਮੀ ਕੈਂਪ 'ਤੇ ਹੋਈ ਫਾਇਰਿੰਗ, ਪੜ੍ਹੋ TOP 10
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਆਦਿ ਰਵਾਇਤੀ ਪਾਰਟੀਆਂ ਨੇ ਜੋ ਪੰਜਾਬ ਦਾ ਹਾਲ ਕੀਤਾ ਹੈ, ਉਸ ਤੋਂ ਪੰਜਾਬ ਦੇ ਲੋਕ ਬਹੁਤ ਅੱਕੇ ਹੋਏ ਸਨ, ਜਿਸ ਕਰਕੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਅੱਗੇ ਤੋਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ 'ਚ ਪੰਜਾਬ ਦੀ ਡੋਰ ਫੜਾਈ ਸੀ ਪਰ ਅਫਸੋਸ ਕਿ ਸਰਕਾਰ ਦੇ 3 ਮਹੀਨੇ ਬੀਤ ਜਾਣ 'ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ, ਬਲਕਿ ਇਸ ਦੇ ਨਾਲ ਹੀ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹਿਲ ਚੁੱਕੀ ਹੈ, ਜਿਸ ਦੀ ਉਦਾਹਰਣ ਪੰਜਾਬ ਵਿੱਚ ਲਗਾਤਾਰ ਹੋਏ 3 ਕਤਲ ਜਿਨ੍ਹਾਂ 'ਚ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਫਿਲਮ ਅਦਾਕਾਰ ਦੀਪ ਸਿੱਧੂ ਤੇ ਹਾਲ ਹੀ 'ਚ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਨੌਜਵਾਨੀ ਸਰਕਾਰੀ ਏਜੰਸੀਆਂ ਖ਼ਤਮ ਕਰ ਦੇਣਾ ਚਾਹੁੰਦੀਆਂ ਹਨ। ਇਸ ਲਈ ਸੰਗਰੂਰ ਜ਼ਿਮਨੀ ਚੋਣ 'ਚ ਲੋਕਾਂ ਨੇ ਜਿਹੜਾ ਫਤਵਾ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦਿਵਾ ਕੇ ਦਿੱਤਾ ਹੈ, ਉਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਪੰਜਾਬੀ ਆਪਣੀ ਹੋਂਦ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਤੱਤਪਰ ਹਨ।
ਇਹ ਵੀ ਪੜ੍ਹੋ : Breaking News : ਕੈਪਟਨ ਅਮਰਿੰਦਰ ਸਿੰਘ ਨੂੰ ਲੰਡਨ ਦੇ ਹਸਪਤਾਲ ਤੋਂ ਮਿਲੀ ਛੁੱਟੀ
ਉਨ੍ਹਾਂ ਨੇ ਇਸ ਜਿੱਤ ਲਈ ਜਿੱਥੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਇਸ ਵੱਡੀ ਜਿੱਤ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਵੀ ਉਮੀਦ ਹੈ ਕਿ ਮਾਨ ਸਾਹਿਬ ਭਾਰਤ ਦੀ ਲੋਕ ਸਭਾ ਵਿੱਚ ਜਿੱਥੇ ਪੰਜਾਬ ਦੇ ਮੁੱਦੇ ਚੁੱਕਣਗੇ, ਉਥੇ ਹੀ ਸਿੱਖ ਭਾਈਚਾਰੇ ਤੇ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਵੀ ਹਾਅ ਦਾ ਨਾਅਰਾ ਜ਼ਰੂਰ ਮਾਰਨਗੇ। ਇਸ ਦੌਰਾਨ ਸਿਮਰਨਜੀਤ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਤੇ ਖੁਸ਼ੀ ਮਨਾਈ ਗਈ। ਇਸ ਮੌਕੇ ਅਮਰਜੀਤ ਸਿੰਘ ਢਿੱਲੋਂ, ਰਵਿੰਦਰ ਸਿੰਘ ਧਾਲੀਵਾਲ ਚੇਅਰਮੈਨ ਗੋਲਡਨ ਵਿਰਸਾ ਯੂ.ਕੇ., ਹਰਬੰਸ ਸਿੰਘ ਕੁਲਾਰ, ਗੁਰਬਚਨ ਸਿੰਘ ਅਟਵਾਲ, ਅਵਤਾਰ ਸਿੰਘ ਬੁੱਟਰ, ਗੁਰਦੀਪ ਸਿੰਘ ਥਿੰਦ, ਬਹਾਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ : Alt News ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਦਿੱਲੀ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ