ਪਾਕਿ ਗਏ ਭਾਰਤੀ ਸਿੱਖਾਂ ਨੇ ਕਰਤਾਰਪੁਰ ਸਾਹਿਬ 'ਚ ਸੋਨੇ ਦੀ ਪਾਲਕੀ ਕੀਤੀ ਸਥਾਪਿਤ

Tuesday, Nov 05, 2019 - 02:56 PM (IST)

ਪਾਕਿ ਗਏ ਭਾਰਤੀ ਸਿੱਖਾਂ ਨੇ ਕਰਤਾਰਪੁਰ ਸਾਹਿਬ 'ਚ ਸੋਨੇ ਦੀ ਪਾਲਕੀ ਕੀਤੀ ਸਥਾਪਿਤ

ਲਾਹੌਰ(ਭਾਸ਼ਾ) — ਭਾਰਤ ਤੋਂ ਵੱਡੀ ਗਿਣਤੀ 'ਚ ਸਿੱਖਾਂ ਨੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਤੇ ਇਸ ਧਾਰਮਿਕ ਸਥਾਨ 'ਤੇ ਸੋਨੇ ਦੀ ਪਾਲਕੀ ਸਥਾਪਿਤ ਕੀਤੀ। ਨਨਕਾਣਾ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ ਸਬੰਧੀ ਸਮਾਗਮ 'ਚ ਸ਼ਾਮਲ ਹੋਣ ਪਾਕਿਸਤਾਨ ਗਏ 1100 ਸਿੱਖਾਂ 'ਚੋਂ ਜ਼ਿਆਦਾਤਰ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਯਾਤਰਾ ਕੀਤੀ, ਜਿਸ ਨੂੰ ਕਰਤਾਰਪੁਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਨਾਲ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਸਰਵਰ ਵੀ ਮੌਜੂਦ ਸਨ।

ਇਨ੍ਹਾਂ ਤੀਰਥਯਾਤਰੀਆਂ ਨੇ ਗੁਰਦੁਆਰੇ 'ਚ ਆਪਣੇ ਨਾਲ ਲਿਆਂਦੀ ਸੋਨੇ ਦੀ ਪਾਲਕੀ ਸਥਾਪਿਤ ਕੀਤੀ। ਗਵਰਨਰ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਨਿਰਧਾਰਿਤ ਸਮੇਂ 'ਚ ਪੂਰਾ ਕੀਤਾ ਗਿਆ ਹੈ ਤੇ ਇਸ ਨਾਲ ਦੋਵੇਂ ਦੇਸ਼ ਨੇੜੇ ਆਉਣਗੇ। ਇਸ ਵਿਚਾਲੇ ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਕਿ ਭਾਰਤੀ ਨਾਗਰਿਕਾਂ ਤੋਂ ਇਲਾਵਾ ਵਿਦੇਸ਼ੀ ਸਿੱਖਾਂ ਨੂੰ ਕਰਤਾਰਪੁਰ ਦੇ ਦਰਸ਼ਨਾਂ ਲਈ ਯਾਤਰਾ ਸੰਚਾਲਕ ਗ੍ਰਹਿ ਮੰਤਰਾਲੇ ਤੋਂ ਐੱਨ.ਓ.ਸੀ. ਲੈਣੀ ਪਵੇਗੀ। ਇਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ, ਕੈਨੇਡਾ ਤੇ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਸਿੱਖਾਂ ਨੂੰ ਲਾਹੌਰ ਦੇ ਲਈ ਯਾਤਰਾ ਵੀਜ਼ਾ ਜਾਰੀ ਕੀਤਾ ਗਿਆ ਹੈ। ਪਵਿੱਤਰ ਸਥਾਨਾਂ 'ਤੇ ਉਨ੍ਹਾਂ ਦੇ ਦੌਰੇ 'ਚ ਸੁਰੱਖਿਆ ਸਬੰਧੀ ਸਮੱਸਿਆਵਾਂ ਹਨ। ਇਸ ਲਈ ਯਾਤਰੀ ਸੰਚਾਲਕਾਂ ਨੂੰ ਐੱਨ.ਓ.ਸੀ. ਲੈਣ ਦੇ ਲਈ ਕਿਹਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਭਾਰਤ ਤੇ ਹੋਰ ਦੇਸ਼ਾਂ ਤੋਂ ਸਿੱਖ ਤੀਰਥਯਾਤਰੀ ਨਨਕਾਣਾ ਸਾਹਿਬ 'ਚ ਆਉਣ ਲੱਗੇ ਹਨ।


author

Baljit Singh

Content Editor

Related News