ਸਿੱਖਸ ਫੌਰ ਜਸਟਿਸ ਵੱਲੋਂ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਦਾ ਵਿਰੋਧ, ਲੱਗੇ ਖ਼ਾਲਿਸਤਾਨ ਦੇ ਨਾਅਰੇ
Wednesday, May 31, 2023 - 01:07 PM (IST)
ਇੰਟਰਨੈਸ਼ਨਲ ਡੈਸਕ- ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਦੌਰੇ 'ਤੇ ਹਨ। ਇਸ ਦੌਰਾਨ ਸਿੱਖਸ ਫੌਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਰਾਹੁਲ ਦੀ ਅਮਰੀਕਾ ਫੇਰੀ ਦਾ ਵਿਰੋਧ ਕੀਤਾ ਹੈ। ਕੈਲੀਫੋਰਨੀਆ ਦੇ ਸੈਂਟਾ ਕਲਾਰਾ ਵਿੱਚ ਇੱਕ ਸਮਾਗਮ ਵਿੱਚ ਜਦੋਂ ਰਾਹੁਲ ਗਾਂਧੀ ਆਪਣਾ ਸੰਬੋਧਨ ਕਰ ਰਹੇ ਸਨ ਤਾਂ ਉਦੋਂ ਖਾਲਿਸਤਾਨ ਸਮਰਥਕਾਂ ਨੇ ਕਾਂਗਰਸ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਅਤੇ ਖ਼ਾਲਿਸਤਾਨ ਦੇ ਨਾਅਰੇ ਲਗਾਏ। ਖਾਲਿਸਤਾਨ ਸਮਰਥਕਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਬੰਧ ਵਿੱਚ ਰਾਹੁਲ ਅਤੇ ਗਾਂਧੀ ਪਰਿਵਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਪੰਨੂੰ ਨੇ ਰਾਹੁਲ ਨੂੰ ਨਸਲਕੁਸ਼ੀ ਦਾ ਸਿਪਾਹੀ, ਨਸਲਕੁਸ਼ੀ ਦਾ ਵਪਾਰੀ ਦੱਸਿਆ। ਪੰਨੂੰ ਨੇ ਿਕਹਾ ਕਿ ਅਮਰੀਕਾ ਵਿਚ ਜਿੱਥੇ ਵੀ ਰਾਹੁਲ ਗਾਂਧੀ ਜਾਵੇਗਾ, ਖਾਲਿਸਤਾਨੀ ਪੱਖੀ ਸਿੱਖ ਉਸ ਦਾ ਵਿਰੋਧ ਕਰਨਗੇ। ਉਸ ਨੇ ਇੰਦਰਾ ਗਾਂਧੀ ਬਾਰੇ ਵੀ ਕੁਝ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਨਾਗਰਿਕ 'ਤੇ ਭਾਰਤੀ ਮੂਲ ਦੇ ਗੈਂਗਸਟਰ ਦੇ ਕਤਲ ਦਾ ਦੋਸ਼, ਕੀਤਾ ਗਿਆ ਥਾਈਲੈਂਡ ਹਵਾਲੇ
ਆਪਣੇ ਇਕ ਸੰਦੇਸ਼ ਵਿਚ ਪੰਨੂੰ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਪੀ.ਐੱਮ. ਨਰਿੰਦਰ ਮੋਦੀ 22 ਜੂਨ ਨੂੰ ਅਮਰੀਕਾ ਆਉਣਗੇ, ਉਦੋਂ ਵੀ ਖਾ਼ਾਲਿਸਤਾਨ ਸਮਰਥਕ ਉਹਨਾਂ ਦਾ ਵਿਰੋਧ ਕਰਨਗੇ। ਇੱਥੇ ਦੱਸ ਦਈਏ ਕਿ ਜਦੋਂ ਨਾਅਰੇਬਾਜ਼ੀ ਕੀਤੀ ਗਈ ਤਾਂ ਰਾਹੁਲ ਗਾਂਧੀ ਨੂੰ ਆਪਣਾ ਭਾਸ਼ਣ ਰੋਕਣਾ ਪਿਆ। ਜਵਾਬ ਵਿੱਚ ਉਸ ਨੇ ਪਹਿਲਾਂ ਕਿਹਾ ਕਿ 'ਵੇਲਕਮ'। ਜਦੋਂ ਨਾਅਰੇਬਾਜ਼ੀ ਤੇਜ਼ ਹੋਈ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ 'ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ'। ਇਸ ਤੋਂ ਬਾਅਦ ਹਾਲ 'ਚ 'ਭਾਰਤ ਜੋੜੋ' ਦੇ ਨਾਅਰੇ ਲੱਗੇ ਅਤੇ ਰਾਹੁਲ ਗਾਂਧੀ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ। ਗੌਰਤਲਬ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਛੇ ਦਿਨਾਂ ਲਈ ਅਮਰੀਕਾ ਆਏ ਹਨ। ਉਹ ਇੱਥੇ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ। ਇਸ ਦੌਰਾਨ ਰਾਹੁਲ ਗਾਂਧੀ ਨੇ ਬੁੱਧਵਾਰ ਸਵੇਰੇ ਸੈਨ ਫਰਾਂਸਿਸਕੋ ਵਿੱਚ ਭਾਰਤੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੀ ਭਾਰਤ ਜੋੜੋ ਯਾਤਰਾ ਬਾਰੇ ਵੀ ਗੱਲਬਾਤ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।