ਭਾਰਤੀ ਪ੍ਰਵਾਸੀ ਨਹੀਂ ਸਗੋਂ ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

07/17/2018 9:55:48 PM

ਵਾਸ਼ਿੰਗਟਨ— ਅਫਗਾਨਿਸਤਾਨ 'ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ ਹਨ ਸਗੋਂ ਇਹ ਸਾਡੇ ਆਪਣੇ ਲੋਕ ਹਨ। ਇਹ ਗੱਲ ਅਮਰੀਕਾ 'ਚ ਅਫਗਾਨਿਸਤਾਨ ਦੇ ਰਾਜਦੂਤ ਨੇ ਕਹੀ। ਉਹ ਜਲਾਲਾਬਾਦ 'ਚ ਹੋਏ ਇਕ ਹਮਲੇ 'ਚ ਮਾਰੇ ਗਏ ਘੱਟ ਗਿਣਤੀ ਭਾਈਚਾਰੇ ਦੀ ਯਾਦ 'ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਕ ਜੁਲਾਈ ਨੂੰ ਜਲਾਲਾਬਾਦ 'ਚ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਮਿਲਣ ਜਾ ਰਹੇ ਹਿੰਦੂ ਤੇ ਸਿੱਖਾਂ ਨਾਲ ਭਰੀ ਬੱਸ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ 'ਚ 19 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ।
ਵਾਸ਼ਿੰਗਟਨ ਡੀ.ਸੀ. ਸਥਿਤ ਅਫਗਾਨਿਸਤਾਨ ਦੂਤਘਰ 'ਚ ਆਯੋਜਿਤ ਪ੍ਰੋਗਰਾਮ 'ਚ ਰਾਜਦੂਤ ਹਮਦੂੱਲਾਹ ਮੋਹਿਬ ਨੇ ਕਿਹਾ ਕਿ ਇਹ ਮੌਕਾ ਸਾਨੂੰ ਉਸ ਸਮਾਜ ਨੂੰ ਸਮਝਣ ਲਈ ਇੱਕਠੇ ਲਿਆਇਆ ਹੈ, ਜਿਸ ਦੀਆਂ ਜੜਾਂ ਅਫਗਾਨਿਸਤਾਨ 'ਚ ਜ਼ਿਆਦਾ ਫੈਲੀਆਂ ਹਨ। ਇਸ ਮੌਕੇ 'ਤੇ ਅਮਰੀਕਾ ਦੀ ਪਹਿਲੀ ਹਿੰਦੂ ਔਰਤ ਸੰਸਦ ਤੁਲਸੀ ਗਬਾਰਡ ਨੇ ਕਿਹਾ ਕਿ ਇਹ ਹਮਲਾ ਦੁਨੀਆ 'ਚ ਮੌਜੂਦ ਡਰ, ਕੱਟੜਵਾਦ ਤੇ ਨਫਰਤ ਦਾ ਇਕ ਹੌਰ ਉਦਾਹਰਣ ਹੈ। ਉਹ ਡਰਾਉਣ ਦੀ ਰਣਨੀਤੀ ਤੇ ਸਾਨੂੰ ਵੰਡਣ ਦੀ ਕੋਸ਼ਿਸ਼ ਹੈ ਪਰ ਸਾਨੂੰ ਸਾਰਿਆਂ ਨੂੰ ਇਸ ਨਫਰਤ ਤੇ ਕੱਟੜਵਾਦ ਖਿਲਾਫ ਖੜ੍ਹਾ ਹੋਣਾ ਹੋਵੇਗਾ।
ਅਮਰੀਕਾ 'ਚ ਭਾਰਤ ਦੇ ਉਪ ਰਾਜਦੂਤ ਪੁਨੀਤ ਕੁੰਡਲ ਨੇ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਥੇ ਆਯੋਜਿਤ ਇਹ ਪ੍ਰੋਗਰਾਮ ਅਫਗਾਨਿਸਤਾਨ ਸਰਕਾਰ ਦੀ ਇਸ ਭਾਈਚਾਰੇ ਪ੍ਰਤੀ ਭਾਵਨਾਵਾਂ ਨੂੰ ਦਰਸ਼ਾਉਂਦਾ ਹੈ। ਇਸ ਮੌਕੇ ਅਫਗਾਨਿਸਤਾਨ ਦੀ ਸਥਾਨਕ ਭਾਸ਼ਾ 'ਚ ਪੀੜਤਾਂ ਨੂੰ ਯਾਦ ਕੀਤਾ ਗਿਆ।


Related News