ਕੈਨੇਡਾ 'ਚ ਸਿੱਖ ਅਧਿਆਪਕ 'ਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਇਲਜ਼ਾਮ
Thursday, May 04, 2023 - 11:06 AM (IST)
ਟੋਰਾਂਟੋ (ਆਈ.ਏ.ਐੱਨ.ਐੱਸ.)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ 40 ਸਾਲਾ ਸਿੱਖ ਸੇਵਾਦਾਰ ਅਤੇ ਅਧਿਆਪਕ ‘ਤੇ ਬੱਚਿਆਂ ਨਾਲ ਜੁੜੇ ਜਿਨਸੀ ਸ਼ੋਸ਼ਣ ਦੇ ਛੇ ਦੋਸ਼ ਲਾਏ ਗਏ ਹਨ। ਸਮਾਚਾਰ ਏਜੰਸੀ OMNI ਦੀ ਰਿਪੋਰਟ ਮੁਤਾਬਕ ਭੁਪਿੰਦਰ ਸਿੰਘ ਸੋਨੂੰ, ਜੋ ਮੰਗਲਵਾਰ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਪਹਿਲੀ ਵਾਰ ਪੇਸ਼ ਹੋਇਆ, ਉਸ 'ਤੇ ਤਿੰਨ ਵੱਖ-ਵੱਖ ਪੀੜਤਾਂ ਨਾਲ ਜੁੜੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ।
ਬਚਾਅ ਪੱਖ ਦੇ ਵਕੀਲ ਗਗਨ ਨਾਹਲ ਦੇ ਅਨੁਸਾਰ ਸੋਨੂੰ, ਜੋ ਕਿ ਲੈਂਗਲੇ ਵਿੱਚ ਫਰੇਜ਼ਰ ਵੈਲੀ ਦੇ ਖਾਲਸਾ ਸਕੂਲ ਵਿੱਚ ਤਬਲਾ ਅਧਿਆਪਕ ਅਤੇ ਸੇਵਾਦਾਰ ਵਜੋਂ ਕੰਮ ਕਰਦਾ ਸੀ, ਵਰਕ ਪਰਮਿਟ 'ਤੇ ਕੈਨੇਡਾ ਆਇਆ ਸੀ ਅਤੇ ਦੋ ਹਫ਼ਤੇ ਪਹਿਲਾਂ ਹੀ ਉਸ ਨੇ ਆਪਣੀ ਪੀਆਰ ਮਤਲਬ ਸਥਾਈ ਰਿਹਾਇਸ਼ ਹਾਸਲ ਕੀਤੀ ਸੀ। ਨਾਹਲ ਨੇ ਅੱਗੇ ਕਿਹਾ ਕਿ ਸੋਨੂੰ ਹੁਣ ਸਕੂਲ ਵਿੱਚ ਨੌਕਰੀ ਨਹੀਂ ਕਰਦਾ ਹੈ। OMNI ਨਿਊਜ਼ ਦੁਆਰਾ ਪ੍ਰਾਪਤ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਕਿ ਕਥਿਤ ਅਪਰਾਧ ਸਤੰਬਰ 2022 ਤੋਂ ਫਰਵਰੀ 2023 ਦਰਮਿਆਨ ਹੋਏ ਹਨ। ਸੋਨੂੰ ਨੂੰ ਸਖ਼ਤ ਜ਼ਮਾਨਤ ਦੀਆਂ ਸ਼ਰਤਾਂ ਤਹਿਤ ਰਿਹਾਅ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਉਸ ਦੀ ਅਗਲੀ ਪੇਸ਼ੀ 30 ਮਈ ਨੂੰ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਜ਼ੇਲੇਂਸਕੀ ਪਹੁੰਚੇ ਨੀਦਰਲੈਂਡ, ਕਿਹਾ-ਅਸੀਂ ਪੁਤਿਨ ਜਾਂ ਰੂਸ 'ਤੇ ਹਮਲਾ ਨਹੀਂ ਕੀਤਾ
ਕੈਨੇਡਾ ਦੇ ਅਪਰਾਧਿਕ ਕੋਡ ਦੇ ਤਹਿਤ ਦੋਸ਼ਾਂ ਲਈ ਵੱਧ ਤੋਂ ਵੱਧ ਸਜ਼ਾ 14 ਸਾਲ ਦੀ ਕੈਦ ਹੋ ਸਕਦੀ ਹੈ। ਨਾਹਲ ਨੇ ਓਮਨੀ ਨਿਊਜ਼ ਨੂੰ ਦੱਸਿਆ ਕਿ ਜੇਕਰ ਇੱਕ ਦੋਸ਼ ਤਹਿਤ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਸੋਨੂੰ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਪੀਲ ਰੀਜਨਲ ਪੁਲਸ ਸਪੈਸ਼ਲ ਵਿਕਟਿਮਜ਼ ਯੂਨਿਟ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ 62 ਸਾਲਾ ਇੰਡੋ-ਕੈਨੇਡੀਅਨ ਹੋਮਿਓਪੈਥਿਕ ਡਾਕਟਰ ਸੁਨੀਲ ਆਨੰਦ 'ਤੇ ਬਰੈਂਪਟਨ ਵਿੱਚ ਇੱਕ ਨੌਜਵਾਨ ਮਰੀਜ਼ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।