ਅਮਰੀਕਾ ਚੋਣਾਂ 'ਚ ਇਸ ਪੰਜਾਬੀ ਨੇ ਗੱਡੇ ਜਿੱਤ ਦੇ ਝੰਡੇ
Saturday, Nov 10, 2018 - 05:03 PM (IST)
ਵਾਸ਼ਿੰਗਟਨ— ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸਿੰਘ ਸਿੱਧੂ ਨੂੰ ਅਮਰੀਕਾ ਦੇ ਸ਼ਹਿਰ ਅਨਾਹੀਮ 'ਚ ਮੇਅਰ ਚੁਣਿਆ ਗਿਆ ਹੈ। ਇਹ ਸ਼ਹਿਰ ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ 'ਚੋਂ ਇਕ ਹੈ। ਸਿੱਧੂ 8 ਸਾਲਾਂ ਤਕ ਅਨਾਹੀਮ ਸਿਟੀ ਕੌਂਸਲ ਰਹੇ ਹਨ। ਅਮਰੀਕਾ 'ਚ 6 ਨਵੰਬਰ ਨੂੰ ਹੋਈਆਂ ਮਿਡ ਟਰਮ ਚੋਣਾਂ ਦੇ ਨਤੀਜਿਆਂ 'ਚ ਸਿੱਧੂ ਸਿਰ ਜਿੱਤ ਦਾ ਤਾਜ ਸਜਿਆ। ਉਹ ਇਸ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਚੁਣੇ ਗਏ ਹਨ।
ਉਨ੍ਹਾਂ ਕਿਹਾ,''ਮੈਨੂੰ ਬਹੁਤ ਖੁਸ਼ੀ ਹੈ ਕਿ ਸਭ ਨੇ ਮੈਨੂੰ ਜਿਤਾਇਆ ਹੈ। ਮੈਂ ਆਪਣੇ ਵੋਟਰਾਂ ਨੂੰ ਨਿਰਾਸ਼ ਨਹੀਂ ਕਰਾਂਗਾ।'' ਤੁਹਾਨੂੰ ਦੱਸ ਦਈਏ ਕਿ ਸਿੱਧੂ ਦਾ ਜਨਮ ਭਾਰਤ 'ਚ ਹੋਇਆ ਅਤੇ ਉਨ੍ਹਾਂ ਦੇ ਮਾਂ-ਬਾਪ 1974 'ਚ ਅਮਰੀਕਾ ਆ ਗਏ ਸਨ। ਤੁਹਾਨੂੰ ਦੱਸ ਦਈਏ ਕਿ ਯੂਬਾ ਸਿਟੀ ਦੀ ਮੇਅਰ ਪ੍ਰੀਤ ਦਿਦਬਾਲ ਅਤੇ ਮੇਅਰ ਰਵਿੰਦਰ ਸਿੰਘ ਭੱਲਾ ਨੇ ਅਮਰੀਕਾ 'ਚ ਸਿੱਖ ਮੇਅਰਾਂ ਵਜੋਂ ਚੰਗੀ ਪਛਾਣ ਬਣਾਈ ਹੈ ਅਤੇ ਹੁਣ ਇਸ ਸੂਚੀ 'ਚ ਸਿੱਧੂ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਨੈਸ਼ਨਲ ਸਿੱਖ ਕੰਪੇਨ ਨਾਲ ਜੁੜੇ ਜੱਸ ਸੱਜਣ ਨੇ ਦੱਸਿਆ ਕਿ ਉਹ ਸਿੱਧੂ ਨੂੰ ਮੇਅਰ ਦੀ ਕੁਰਸੀ 'ਤੇ ਬੈਠੇ ਹੋਏ ਦੇਖਣ ਲਈ ਉਤਸ਼ਾਹਿਤ ਹਨ।