ਸਿੱਖ ਨੌਜਵਾਨ 'ਤੇ ਭਾਈਚਾਰਕ ਪ੍ਰੋਗਰਾਮ ਦੌਰਾਨ 2 ਲੋਕਾਂ ਨੂੰ ਚਾਕੂ ਮਾਰਨ ਦਾ ਦੋਸ਼

Friday, Aug 18, 2023 - 10:59 AM (IST)

ਸਿੱਖ ਨੌਜਵਾਨ 'ਤੇ ਭਾਈਚਾਰਕ ਪ੍ਰੋਗਰਾਮ ਦੌਰਾਨ 2 ਲੋਕਾਂ ਨੂੰ ਚਾਕੂ ਮਾਰਨ ਦਾ ਦੋਸ਼

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪੱਛਮੀ ਲੰਡਨ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਸਿੱਖ ਭਾਈਚਾਰੇ ਦੇ ਇੱਕ ਸਮਾਗਮ ਦੌਰਾਨ 2 ਵਿਅਕਤੀਆਂ ਨੂੰ ਚਾਕੂ ਮਾਰਨ ਦਾ ਦੋਸ਼ ਲਾਇਆ ਗਿਆ ਹੈ। ਮੈਟਰੋਪੋਲੀਟਨ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਗੁਰਪ੍ਰੀਤ ਸਿੰਘ (25) ਨੂੰ ਇੱਥੇ ਐਕਸਬ੍ਰਿਜ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਖ਼ਿਲਾਫ਼ ਗੰਭੀਰ ਦੋਸ਼ ਲਾਏ ਗਏ। ਪੁਲਸ ਨੇ ਕਿਹਾ ਕਿ ਸਿੰਘ 'ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਸਮੇਤ ਕੁੱਲ 7 ਦੋਸ਼ ਲਗਾਏ ਗਏ ਹਨ। ਦੋਸ਼ੀ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ ਅਤੇ 14 ਸਤੰਬਰ ਨੂੰ ਇੱਥੇ ਆਇਲਵਰਥ ਕਰਾਊਨ ਕੋਰਟ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। 

ਇਹ ਘਟਨਾ ਮੰਗਲਵਾਰ ਰਾਤ ਨੂੰ ਸਾਊਥਾਲ 'ਚ ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਆਯੋਜਿਤ ਇਕ ਭਾਈਚਾਰਕ ਸਮਾਗਮ ਦੌਰਾਨ ਵਾਪਰੀ। ਅਦਾਲਤ ਨੇ ਸੁਣਿਆ ਕਿ 15 ਅਗਸਤ ਨੂੰ ਲਗਭਗ 22:00 ਵਜੇ ਅਧਿਕਾਰੀ ਦਿ ਬ੍ਰੌਡਵੇ, ਸਾਊਥਾਲ, ਵਿੱਚ ਭਾਰਤੀ ਸੁਤੰਤਰਤਾ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਦੀ ਨਿਗਰਾਨੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਇਕ ਝਗੜੇ ਦੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਨੂੰ ਚਾਕੂ ਦੇ ਹਮਲੇ ਨਾਲ ਜ਼ਖ਼ਮੀ ਹੋਏ 30 ਸਾਲਾਂ ਦੇ 2 ਵਿਅਕਤੀ ਮਿਲੇ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਸੱਟਾਂ ਜਾਨਲੇਵਾ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਬਾਅਦ ਵਿਚ ਛੁੱਟੀ ਦੇ ਦਿੱਤੀ ਗਈ। ਪੁਲਸ ਨੇ ਮੌਕੇ 'ਤੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਵਿੱਚ ਸਿੰਘ ਵੀ ਸ਼ਾਮਲ ਸੀ ਅਤੇ ਦੂਜੇ 20 ਸਾਲਾ ਨੌਜਵਾਨ ਨੂੰ ਅੱਗੇ ਦੀ ਪੁੱਛਗਿੱਛ ਹੋਣ ਤੱਕ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ ਵਿੱਚ ਇੱਕ ਮਹਿਲਾ ਅਧਿਕਾਰੀ ਦੇ ਹੱਥ ਵਿੱਚ ਮਾਮੂਲੀ ਸੱਟ ਲੱਗੀ ਹੈ ਪਰ ਉਸਨੂੰ ਹਸਪਤਾਲ ਵਿੱਚ ਇਲਾਜ ਦੀ ਲੋੜ ਨਹੀਂ ਪਈ।

ਮੈਟਰੋਪੋਲੀਟਨ ਪੁਲਸ ਸੁਪਰਡੈਂਟ ਸੀਨ ਲਿੰਚ ਨੇ ਕਿਹਾ: “ਮੈਂ ਇਸ ਘਟਨਾ ਨਾਲ ਸਾਊਥਾਲ ਅਤੇ ਲੰਡਨ ਵਿਚ ਸਿੱਖ ਭਾਈਚਾਰੇ ਵਿਚਾਰੇ ਪੈਦਾ ਹੋਈਆਂ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ। ਇਸ ਘਟਨਾ ਨੂੰ ਛੱਡ ਕੇ ਬਾਕੀ ਪ੍ਰੋਗਰਾਮ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ। ਸਾਡੀ ਜਾਂਚ ਜਾਰੀ ਹੈ। ਅਸੀਂ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਫੁਟੇਜ ਤੋਂ ਜਾਣੂ ਹਾਂ। ਲੋਕ ਇਸ 'ਤੇ ਆਪਣੇ-ਆਪਣੇ ਤਰੀਕੇ ਨਾਲ ਟਿੱਪਣੀ ਕਰ ਰਹੇ ਹਨ। ਅਸੀਂ ਲੋਕਾਂ ਨੂੰ ਅਟਕਲਾਂ ਤੋਂ ਬਚਣ ਦੀ ਅਪੀਲ ਕਰਦੇ ਹਾਂ। ਖੁਸ਼ਕਿਸਮਤੀ ਨਾਲ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ।' 


author

cherry

Content Editor

Related News