ਆਸਟ੍ਰੇਲੀਆ : ਸਿੱਖ ਤੇ ਹਿੰਦੂ ਭਾਈਚਾਰੇ ਨੇ ਲੋੜਵੰਦਾਂ ਦੀ ਮਦਦ ਲਈ ਲਗਾਏ ਲੰਗਰ

03/25/2020 1:03:25 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)- ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਦੁਨੀਆਂ ਭਰ ਦੇ ਲੋਕ ਸਹਿਮ ਕਰਕੇ ਘਰਾਂ ਦੇ ਅੰਦਰ ਰਹਿਣ ਲਈ ਮਜ਼ਬੂਰ ਹਨ ਉੱਥੇ ਸਿੱਖ ਭਾਈਚਾਰੇ ਵੱਲੋਂ ਕਰੋਨਾ ਬਿਮਾਰੀ ਨਾਲ ਪੀੜਤ ਅਤੇ ਲੋੜਵੰਦਾਂ ਲਈ ਲੰਗਰ ਲਾਏ ਜਾ ਰਹੇ ਹਨ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਅਤੇ ਖਾਲਸਾ ਫਾਊਡੇਸ਼ਨ ਦੇ ਸਾਂਝੇ ਉੱਦਮ ਸਦਕਾ ਲੰਗਰ ਦੀ ਸੇਵਾ 17 ਮਾਰਚ ਤੋਂ ਨਿਰੰਤਰ ਜਾਰੀ ਹੈ। ਗੁਰਦੁਆਰਾ ਕਰੇਗੀਬਰਨ ਦੇ ਪ੍ਰਬੰਧਕਾਂ ਨੇ ਦੱਸਿਆਂ ਕਿ ਰੋਜ਼ਾਨਾ 200 ਡੱਬੇ ਵੱਖ ਵੱਖ ਇਲਾਕਿਆਂ ਵਿੱਚ ਕਰੋਨਾ ਵਾਇਰਸ ਨਾਲ ਏਕਾਂਤਵਾਸ ਵਿੱਚ ਰਹਿ ਰਹੇ ਪੀੜਤਾਂ,ਵਿਦਿਆਰਥੀਆਂ, ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖ ਭਾਲ ਕਰ ਰਹੀਆਂ ਮਾਵਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਡੱਬਿਆਂ ਦੀ ਮੰਗ ਵਿੱਚ ਦਿਨੋਂ-ਦਿਨ ਇਜ਼ਾਫਾ ਹੋ ਰਿਹਾ ਹੈ। ਸੇਵਾਦਾਰਾਂ ਵੱਲੋਂ ਮਨੁੱਖੀ ਫਰਜ਼ ਸਮਝਦਿਆਂ ਗੁਰੂ ਘਰ `ਚੋਂ ਲੰਗਰ ਤਿਆਰ ਕਰਕੇ ਗੱਡੀਆਂ ਰਾਹੀਂ ਵੱਖ-ਵੱਖ ਇਲਾਕਿਆਂ ਵਿੱਚ ਲੰਗਰ ਉਪਲੱਬਧ ਕਰਵਾਉਣ ਦੀ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ।

PunjabKesari

ਸ੍ਰੀ ਦੁਰਗਾ ਟੈਂਪਲ ਰੌਕ ਬੈਂਕ ਵੱਲੋਂ ਲਗਾਏ ਗਏ ਲੰਗਰ
ਮੈਲਬੌਰਨ ਵਿੱਚ ਸਥਿਤ ਸ੍ਰੀ ਦੁਰਗਾ ਟੈਂਪਲ ਰੌਕ ਬੈਂਕ ਵੱਲੋਂ ਵੀ ਲੋੜਵੰਦਾਂ ਲਈ ਲੰਗਰ ਪਹੁੰਚਾਇਆ ਜਾ ਰਿਹਾ ਹੈ । ਮੰਦਰ ਕਮੇਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਔਖੀ ਘੜੀ ਵਿੱਚ ਸਮੂਹ ਹਿੰਦੂ ਭਾਈਚਾਰੇ ਅਤੇ ਮੰਦਰ ਕਮੇਟੀ ਵੱਲੋਂ ਪੀੜਤਾਂ ਲਈ ਲੰਗਰ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ ਤੇ ਦਿਨ ਪਰ ਦਿਨ ਇਸ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ ।

ਇਸ ਤੋਂ ਇਲਾਵਾ ਸਿੱਖ ਵਲ਼ੰਟੀਅਰਜ਼ ਆਸਟ੍ਰੇਲ਼ੀਆ,ਟਰਬਨਜ਼ ਫਾਰ ਆਸਟ੍ਰੇਲ਼ੀਆ,ਖਾਲਸਾ ਏਡ,ਖਾਲਸਾ ਛਾਉਣੀ ਪਲ਼ੰਪਟਨ ਵੱਲੋਂ ਆਪੋ-ਆਪਣੇ ਪੱਧਰ ‘ਤੇ ਲੋੜਵੰਦਾਂ ਨੂੰ ਲੰਗਰ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਮੁਹੱਈਆ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।


 


Lalita Mam

Content Editor

Related News