ਆਸਟ੍ਰੇਲੀਆ ਦਿਹਾੜੇ ''ਤੇ ਸਿੱਖ ਗੁਰਦੁਆਰਾ ਪਰਥ ਨੂੰ ਮਿਲਿਆ ਸਲਾਨਾ ਪੁਰਸਕਾਰ
Thursday, Jan 28, 2021 - 09:11 AM (IST)
ਪਰਥ,(ਜਤਿੰਦਰ ਗਰੇਵਾਲ)- ਪੱਛਮੀ ਆਸਟ੍ਰੇਲੀਆ ਦੇ ਸਿੱਖ ਗੁਰਦੁਆਰਾ ਪਰਥ, ਬੈਨੇਟ ਸਪਰਿੰਗਜ਼ ਨੂੰ ਆਸਟ੍ਰੇਲੀਆ ਦਿਹਾੜੇ 'ਤੇ 'ਰਾਸ਼ਟਰੀ ਭਾਈਚਾਰਕ ਨਾਗਰਿਕਤਾ' ਸਲਾਨਾ ਪੁਰਸਕਾਰ ਦਿੱਤਾ ਗਿਆ ਤੇ ਭਾਈਚਾਰੇ ਵਿਚ ਖੁਸ਼ੀ ਦਾ ਮਾਹੌਲ ਹੈ। ਇਹ ਸਨਮਾਨ ਡਬਲਿਊ. ਏ. ਆਸਟ੍ਰੇਲੀਆ ਡੇਅ ਕੌਂਸਲ ਵਲੋਂ ਸਰਗਰਮ ਨਾਗਰਿਕਤਾ ਪੁਰਸਕਾਰ ਦੀ ਸ਼੍ਰੇਣੀ 'ਚ ਸਵੈਨ ਕੌਸ਼ਲ ਵਲੋਂ ਲੋੜਵੰਦਾਂ ਲਈ ਕਰੋਨਾ ਮਹਾਮਾਰੀ ਦੌਰਾਨ ਗੁਰੂਘਰ ਵੱਲੋਂ ਮੁਫ਼ਤ ਖਾਣਾ ਮੁਹਿੰਮ ਤਹਿਤ ਦਿੱਤਾ ਗਿਆ।
ਗੁਰਦੁਆਰਾ ਕਮੇਟੀ ਮੈਂਬਰ ਜਰਨੈਲ ਸਿੰਘ ਭੌਰ ਨੇ ਦੱਸਿਆ ਕਿ ਹੁਣ ਤੱਕ ਸਥਾਨਕ 15 ਗੈਰ ਮੁਨਾਫ਼ਾ ਸੰਗਠਨਾਂ ਵਲੋਂ ਬੇਘਰੇ ਅਤੇ ਆਸਟ੍ਰੇਲੀਆ ਮੂਲ ਦੇ ਆਦਿਵਾਸੀ ਭਾਈਚਾਰੇ ਨੂੰ 30,000 ਭੋਜਨ ਦੇ ਪੈਕਟ ਮੁਹੱਈਆ ਕਰਵਾਏ ਗਏ ਹਨ। ਇਸ ਕਾਰਜ ਲਈ ਸਥਾਨਕ ਭਾਈਚਾਰੇ, ਵੱਖ-ਵੱਖ ਕੌਂਸਲਰਾਂ ਵਲੋਂ ਦਾਨ ਦੇ ਰੂਪ 'ਚ ਭੋਜਨ ਸਮੱਗਰੀ ਅਤੇ ਰਕਮ ਦਿੱਤੀ ਗਈ। ਉੱਥੇ ਹੀ, ਸਵੈਨ ਕੌਸ਼ਲ ਨੇ 2700 ਡਾਲਰ ਗੁਰਦੁਆਰਾ ਸਾਹਿਬ ਨੂੰ ਦਾਨ ਦਿੱਤੇ। ਦੱਸ ਦਈਏ ਕਿ ਅਜੇ ਵੀ ਪ੍ਰਤੀ ਹਫ਼ਤਾ 1000 ਭੋਜਨ ਦੇ ਪੈਕਟ ਵੰਡੇ ਜਾ ਰਹੇ ਹਨ।
ਗੁਰਦੁਆਰਾ ਦੀ ਮੁੱਖ ਪ੍ਰਬੰਧਕ ਸੇਵਾਦਾਰ ਨਵਤੇਜ ਕੌਰ ਉੱਪਲ ਨੇ ਇਸ ਮਹਾਨ ਸੇਵਾ ਲਈ ਪਰਥ ਦੀ ਸਮੁੱਚੀ ਸਿੱਖ ਸੰਗਤ ਤੇ ਲੰਗਰ ਸੇਵਾਦਾਰਾਂ ਸਣੇ ਸਥਾਨਕ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ।