ਬ੍ਰਿਟੇਨ 'ਚ 'ਸਿੱਖ ਸੇਵਾ ਸੰਗਠਨ' ਕੁਈਨਜ਼ ਐਵਾਰਡ ਨਾਲ ਸਨਮਾਨਤ

06/04/2019 3:17:27 PM

ਲੰਡਨ— ਬ੍ਰਿਟੇਨ 'ਚ ਬੇਘਰ ਅਤੇ ਗਰੀਬ ਲੋਕਾਂ ਨੂੰ ਮੁਫਤ 'ਚ ਭੋਜਨ ਅਤੇ ਕੱਪੜੇ ਦੇਣ ਵਾਲੀ ਸੰਸਥਾ 'ਸਿੱਖ ਸੇਵਾ ਸੰਗਠਨ' ਨੂੰ ਕੁਈਨਜ਼ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਨੂੰ ਬੀਤੇ ਦਿਨੀਂ ਇਹ ਸਨਮਾਨ ਮਿਲਿਆ। ਸੰਸਥਾ ਦੇ ਇਨਵੈਸਟਮੈਂਟ ਮੈਨੇਜਰ ਪ੍ਰਿਤਪਾਲ ਸਿੰਘ ਮੱਖਣ ਨੇ ਇਸ ਸਨਮਾਨ 'ਤੇ ਧੰਨਵਾਦ ਕੀਤਾ। ਤੁਹਾਨੂੰ ਦੱਸ ਦਈਏ ਕਿ ਸੰਸਥਾ ਹਰ ਐਤਵਾਰ ਨੂੰ ਸੈਂਟਰਲ ਮੈਨਚੈਸਟਰ ਦੇ ਪਿਰਾਡਲੀ ਗਾਰਡਨ 'ਚ ਬੇਘਰ ਅਤੇ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਕੱਪੜੇ ਦਾਨ ਕਰਦੀ ਹੈ ਤੇ ਕਈ ਹੋਰ ਚੈਰਿਟੀ ਸੰਸਥਾਵਾਂ ਨਾਲ ਜੁੜੀ ਹੋਈ ਹੈ।

ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਪੁੰਨ ਦੀ ਚਰਚਾ ਹਰ ਪਾਸੇ ਹੈ ਅਤੇ ਮੈਨਚੈਸਟਰ 'ਚ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ 'ਤੇ ਸੰਸਥਾ ਨੇ ਪ੍ਰਭਾਵ ਪਾਇਆ ਹੈ। ਕਈ ਵਲੰਟੀਅਰ ਸੰਸਥਾ ਨਾਲ ਜੁੜੇ ਹੋਏ ਹਨ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਇਹ ਦੇਖ ਕੇ ਬਹੁਤ ਉਦਾਸ ਹੋ ਗਏ ਸਨ ਕਿ ਇੰਨੀ ਵੱਡੀ ਗਿਣਤੀ 'ਚ ਲੋਕ ਭੁੱਖੇ ਰਹਿੰਦੇ ਹਨ ਤੇ ਉਨ੍ਹਾਂ ਕੋਲ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਪੈਸੇ ਨਹੀਂ ਹਨ। ਇਸ ਲਈ ਉਨ੍ਹਾਂ ਨੇ ਸਾਥੀਆਂ ਨਾਲ ਮਿਲ ਕੇ ਇਹ ਪੁੰਨ ਦਾ ਕੰਮ ਸ਼ੁਰੂ ਕੀਤਾ।


Related News