ਅਮਰੀਕਾ ''ਚ ''ਸਿੱਖ'' ਦੀ ਦਰਿਆਦਿਲੀ, ਇਕ ਦਿਨ ''ਚ 39,000 ਰੁਪਏ ਦੇ ਨੁਕਸਾਨ ''ਤੇ ਵੇਚ ਰਿਹਾ ਪੈਟਰੋਲ
Monday, Jun 20, 2022 - 06:14 PM (IST)
ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਇਸ ਦੌਰਾਨ ਪੈਟਰੋਲ ਪੰਪ ਦੇ ਮਾਲਕ ਆਪਣੀਆਂ ਜੇਬਾਂ ਭਰਨ ਵਿਚ ਲੱਗੇ ਹੋਏ ਹਨ। ਪਰ ਇਕ ਪੈਟਰੋਲ ਪੰਪ ਮਾਲਕ ਅਜਿਹਾ ਵੀ ਹੈ ਜੋ ਆਪਣੀ ਵੱਲੋਂ ਡਿਸਕਾਊਂਟ ਦੇ ਕੇ ਸਸਤੇ ਵਿਚ ਪੈਟਰੋਲ ਵੇਚ ਰਿਹਾ ਹੈ ਕਿਉਂਕਿ ਉਸ ਦਾ ਇਰਾਦਾ ਫ਼ਾਇਦਾ ਕਮਾਉਣ ਦਾ ਨਹੀਂ ਸਗੋਂ ਲੋਕਾਂ ਦੀ ਮਦਦ ਕਰਨ ਦਾ ਹੈ।ਇਸ ਪੈਟਰੋਲ ਪੰਪ ਦੇ ਮਾਲਕ ਦਾ ਨਾਂ ਜਸਵਿੰਦਰ ਸਿੰਘ ਹੈ। ਭਾਰਤੀ ਮੂਲ ਦੇ ਜਸਵਿੰਦਰ ਸਿੰਘ ਅਮਰੀਕਾ ਦੇ ਫੀਨਿਕਸ ਸ਼ਹਿਰ ਵਿਚ ਰਹਿੰਦੇ ਹਨ। ਉਹ ਫੀਨਿਕਸ ਵਿਚ ਬਾਕੀ ਥਾਵਾਂ ਦੀ ਤੁਲਨਾ ਵਿਚ ਪ੍ਰਤੀ ਗੈਲਨ ਪੈਟਰੋਲ ਕਰੀਬ ਅੱਧਾ ਡਾਲਰ ਘੱਟ ਕੀਮਤ 'ਤੇ ਵੇਚ ਰਹੇ ਹਨ। ਉਹ ਵੀ ਉਦੋਂ ਜਦੋਂ ਦੇਸ਼ ਭਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ।
ਜਸਵਿੰਦਰ ਦੇ ਸ਼ਹਿਰ ਵਿਚ ਇਕ ਲਿਟਰ ਪੈਟਰੋਲ ਦੀ ਕੀਮਤ 98 ਰੁਪਏ ਹੈ, ਜਿਸ ਨੂੰ ਉਹ 89 ਰੁਪਏ ਪ੍ਰਤੀ ਲਿਟਰ ਵੇਚ ਰਹੇ ਹਨ ਮਤਲਬ 10 ਲਿਟਰ ਪੈਟਰੋਲ 'ਤੇ 90 ਰੁਪਏ ਦਾ ਡਿਸਕਾਊਂਟ। ਐੱਨ.ਬੀ.ਸੀ. ਨਿਊਜ਼ ਮੁਤਾਬਕ ਜਸਵਿੰਦਰ ਸਿੰਘ ਵੈਲੇਰੋ ਫੂਡ ਮਾਰਟ ਦੇ ਵੀ ਮਾਲਕ ਹਨ। ਉਹ ਬੀਤੇ ਸ਼ੁੱਕਰਵਾਰ ਤੋਂ ਆਪਣੇ ਪੈਟਰੋਲ ਪੰਪ 'ਤੇ 5.19 ਡਾਲਰ ਪ੍ਰਤੀ ਗੈਲਨ ਵੇਚ ਰਹੇ ਹਨ। ਜਦਕਿ ਉਹਨਾਂ ਦੇ ਸ਼ਹਿਰ ਵਿਚ ਪੈਟਰੋਲ ਦੀ ਔਸਤ ਕੀਮਤ ਕਰੀਬ 5.68 ਡਾਲਰ ਹੈ।
ਜਸਵਿੰਦਰ ਦੱਸਦੇ ਹਨ ਕਿ ਉਹਨਾਂ ਨੇ ਮਨੁੱਖਤਾ ਦੀ ਖਾਤਰ ਅਤੇ ਆਪਣੇ ਸਿੱਖ ਧਰਮ ਦਾ ਪਾਲਣ ਕਰਦੇ ਹੋਏ ਪੈਟਰੋਲ ਦੀਆਂ ਕੀਮਤਾਂ ਆਪਣੇ ਪੱਧਰ ਤੱਕ ਘੱਟ ਕੀਤੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਕੋਲ ਕੁਝ ਵੱਧ ਹੈ ਤਾਂ ਉਸ ਨੂੰ ਦੂਜਿਆਂ ਨਾਲ ਸ਼ੇਅਰ ਕਰਨਾ ਚਾਹੀਦਾ ਹੈ।ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਉਂਦੇ ਹਾਂ ਕਿ ਜੇਕਰ ਤੁਹਾਡੇ ਕੋਲ ਕੁਝ ਜ਼ਿਆਦਾ ਹੈ ਤਾਂ ਤੁਹਾਨੂੰ ਉਸ ਨੂੰ ਹੋਰ ਲੋਕਾਂ ਨਾਲ ਸ਼ੇਅਰ ਕਰਨਾ ਚਾਹੀਦਾ ਹੈ।
ਇੱਥੇ ਦੱਸ ਦਈਏ ਕਿ ਜਸਵਿੰਦਰ ਸਿੰਘ ਦੋ ਦਹਾਕੇ ਦੇ ਵੱਧ ਸਮੇਂ ਤੋਂ ਅਮਰੀਕਾ ਦੇ ਫੀਨਿਕਸ ਵਿਚ ਰਹਿ ਰਹੇ ਹਨ। ਉਹਨਾਂ ਦੇ ਤਿੰਨ ਬੱਚੇ ਹਨ। ਜਸਵਿੰਦਰ ਨੇ ਕਿਹਾ ਕਿ ਉਹ ਰੋਜ਼ ਸਵੇਰੇ 4 ਵਜੇ ਤੋਂ ਅੱਧੀ ਰਾਤ ਤੱਕ ਕੰਮ ਕਰਦੇ ਹਨ। ਇਸ ਕੰਮ ਵਿਚ ਉਹਨਾਂ ਦੀ ਪਤਨੀ ਰਮਨਦੀਪ ਕੌਰ ਵੀ ਮਦਦ ਕਰਦੀ ਹੈ। ਹਾਲਾਂਕਿ ਪੈਟਰੋਲ ਨੂੰ ਘੱਟ ਕੀਮਤ 'ਤੇ ਵੇਚਣ 'ਤੇ ਜਸਵਿੰਦਰ ਸਿੰਘ ਨੂੰ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਗੰਨ ਕਲਚਰ : ਖਰੀਦਦਾਰਾਂ 'ਚ ਔਰਤਾਂ ਦੀ ਵੱਡੀ ਗਿਣਤੀ, ਬੰਦੂਕ ਉਦਯੋਗ ਨੂੰ ਨੇਤਾਵਾਂ ਦਾ ਸਮਰਥਨ
ਪਰ ਉਹ ਕਹਿੰਦੇ ਹਨ ਕਿ ਹਾਲੇ ਪੈਸਾ ਬਣਾਉਣ ਦਾ ਸਮਾਂ ਨਹੀਂ ਸਗੋਂ ਲੋਕਾਂ ਦੀ ਮਦਦ ਕਰਨ ਦਾ ਸਮਾਂ ਹੈ। ਗੌਰਤਲਬ ਹੈ ਕਿ ਪੂਰੀ ਦੁਨੀਆ ਵਿਚ ਇਸ ਸਮੇਂ ਗੈਸ-ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ। ਅਜਿਹੇ ਵਿਚ ਸਸਤੀ ਦਰਾਂ 'ਤੇਂ ਈਂਧਣ ਮੁੱਹਈਆ ਕਰਾਉਣਾ ਆਪਣੇ ਆਪ ਵਿਚ ਵੱਡੀ ਗੱਲ ਹੈ। ਇਸ ਲਈ ਜਸਵਿੰਦਰ ਸਿੰਘ ਦੇ ਗੈਸ ਸਟੇਸ਼ਨ 'ਤੇ ਗਾਹਕਾਂ ਦੀ ਲੰਬੀ ਲਾਈਨ ਲੱਗ ਜਾਂਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।