ਸਿੱਖ ਡੈਲੀਗੇਟਸ ਨੇ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ

10/26/2019 2:19:46 PM

ਰੋਮ, (ਕੈਂਥ)— ਸਿੱਖੀ ਸੇਵਾ ਸੋਸਾਇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਮਨਾਉਂਦਿਆਂ ਇੱਕ ਵਿਸ਼ਾਲ ਸਰਬ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਭ ਧਰਮਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਸੰਮੇਲਨ ਤੋਂ ਬਾਅਦ ਸਿੱਖ ਡੈਲੀਗੇਟ ਨੇ ਕੈਥੋਲਿਕ ਚਰਚ ਦੇ ਮੁਖੀ ਪੋਪ ਫਰਾਂਸਿਸ ਨਾਲ ਵੀ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮੁੱਖ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੀ ਖੁਸ਼ੀ ਨੂੰ ਸਭ ਨਾਲ ਸਾਂਝਾ ਕਰਨਾ ਸੀ।

ਇਸ ਸਮੇਂ ਵੈਟੀਕਨ ਸਿਟੀ ਚਰਚ ਵਲੋਂ ਪਬਲਿਕ ਵਿੱਚ ਇਸ ਡੈਲੀਗੇਟ 'ਜੀ ਆਇਆਂ ' ਆਖਦੇ ਹੋਏ ਸਭ ਨੂੰ ਦੱਸਿਆ ਗਿਆ ਕਿ ਅੱਜ ਸਾਡੇ ਸਿੱਖ ਮਿੱਤਰ ਸਾਨੂੰ ਮਿਲਣ ਆਏ ਹਨ ਅਤੇ ਉਨ੍ਹਾਂ ਵੱਲੋਂ ਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਡੈਲੀਗੇਟ ਵਿੱਚ ਸਿੱਖੀ ਸੇਵਾ ਸੋਸਾਇਟੀ ਦੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਸਕੱਤਰ ਗੁਰਸ਼ਰਨ ਸਿੰਘ, ਸਿੱਖ ਲੇਖਕ ਤੇ ਵਿਦਵਾਨ ਅਮਰਦੀਪ ਸਿੰਘ ਸਿੰਗਾਪੁਰ, ਮਨਮੀਤ ਸਿੰਘ, ਮਨਜੀਤ ਸਿੰਘ ਵਿਤੈਰਬੋ, ਬੀਬੀ ਕਿਰਨਜੋਤ ਕੌਰ ਮੈਂਬਰ ਐੱਸ. ਜੀ. ਪੀ. ਸੀ. ਅੰਿਮ੍ਰਤਸਰ, ਇਕਬਾਲ ਸਿੰਘ ਸੋਢੀ ਨੋਵੇਲਾਰਾ ਅਤੇ ਕੁਝ ਹੋਰ ਸ਼ਖਸੀਅਤਾਂ ਵੀ ਸ਼ਾਮਲ ਸਨ। ਜਸਪ੍ਰੀਤ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਪੋਪ ਫਰਾਂਸਿਸ ਨੂੰ ਇੱਕ ਪਸ਼ਮੀਨੇ ਦਾ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ।  


Related News