ਸਿੱਖ ਭਾਈਚਾਰੇ ਨੇ ਅਮਰੀਕਾ ਦੇ ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਝੰਡਾ ਤੇ ਕੱਢੀ ਪਰੇਡ (ਤਸਵੀਰਾਂ)
Tuesday, Jul 06, 2021 - 12:15 PM (IST)
ਡੇਟਨ, ਓਹੀੳ (ਰਾਜ ਗੋਗਨਾ) ਓਹੀੳ ਸੂਬੇ ਦੇ ਸ਼ਹਿਰ ਡੇਟਨ ਵਿਚ ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਅਮਰੀਕਨ ਝੰਡੇ ਲਹਿਰਾ ਕੇ ਅਤੇ ਪਰੇਡਾਂ ਕੱਢ ਕੇ ਬਹੁਤ ਹੀ ਜੋਸ਼ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ। ਉੱਥੇ ਓਹੀਓ ਸੂਬੇ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਵੱਲੋਂ ਵੀ ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਦੇ ਮੈਦਾਨ ਵਿੱਚ ਅਮਰੀਕਾ ਦਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ। ਇਸ ਮੌਕੇ ਡਾ: ਦਰਸ਼ਨ ਸਿੰਘ ਸਹਿਬੀ ਵੱਲੋਂ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਲੀਡਰ ਸਾਹਿਬਾਨ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਸੀ ਜਿੰਨਾਂ ਵਿੱਚ ਗਰੀਨ ਕਾਊਂਟੀ ਦੇ ਕਮਿਸ਼ਨਰ ਅਤੇ ਓਹੀਓ ਸੂਬੇ ਦੇ ਸਾਬਕਾ ਕਾਂਗਰਸਮੈਨ ਰਿੱਕ ਪਰੈਲਸ, ਇਸਾਈ ਭਾਈਚਾਰੇ ਤੋਂ ਡਾ: ਪ੍ਰਮੋਦ ਕੁਮਾਰ, ਹਿੰਦੂ ਭਾਈਚਾਰੇ ਤੋਂ ਰਾਕੇਸ ਅਰੋੜਾ, ਅਹਿਮਦੀਆ ਮੁਸਲਿਮ ਕਮਿਊਨਿਟੀ ਤੋਂ ਮਿਰਜ਼ਾ ਅਹਿਮਦ ਤੇ ਅੱਤਾਹ ਜੀ ਅਤੇ ਡੇਟਨ ਫੋਰਮ ਤੋਂ ਸ਼ਾਰਲੀਨ ਬੇਅਲਸ ਸ਼ਾਮਿਲ ਹੋਏ।
ਇਸ ਮੌਕੇ ਕਮਿਸ਼ਨਰ ਅਤੇ ਹੋਰ ਅਮਰੀਕੀ ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਅਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਇਸ ਲਈ ਸਾਨੂੰ ਸਭਨਾਂ ਨੂੰ ਇਸ ਕੌਮ 'ਤੇ ਮਾਣ ਹੈ। ਸਿੱਖਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰਾਜਨੀਤੀ, ਫੌ਼ਜ ਅਤੇ ਹੋਰਨਾਂ ਖੇਤਰਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਿੱਖ ਹੁਣ ਦਸਤਾਰ ਅਤੇ ਦਾੜ੍ਹੀ ਰੱਖ ਕੇ ਅਮਰੀਕੀ ਫੌਜ ਵਿੱਚ ਸ਼ਾਮਲ ਹੋ ਸਕਦੇ ਹਨ। ਅਮਰੀਕੀ ਆਗੂਆਂ ਨੇ ਸਿੱਖ ਭਾਈਚਾਰੇ ਵੱਲੋਂ ਹਰ ਵਰਗ ਦੇ ਨੁਮਾਇੰਦਿਆਂ ਨੂੰ ਆਪਣੇ ਵਿਚਕਾਰ ਬੁਲਾ ਕੇ ਮਾਣ ਸਨਮਾਨ ਦੇਣ ਲਈ ਸਿੱਖ ਸੰਗਤ ਦਾ ਸ਼ੁਕਰੀਆ ਕੀਤਾ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਅਜੀਬ ਦਾਅਵਾ, 'ਅਲਕੋਹਲ' ਸੁੰਘਣ ਨਾਲ ਠੀਕ ਹੋਵੇਗਾ ਕੋਵਿਡ-19
ਸਿੱਖ ਸੁਸਾਇਟੀ ਡੇਟਨ ਤੋਂ ਪਿਆਰਾ ਸਿੰਘ, ਅਵਤਾਰ ਸਿੰਘ ਸਪਰਿੰਗਫੀਲਡ, ਪਰਮਿੰਦਰ ਸਿੰਘ ਬਾਸੀ ਅਤੇ ਲਖਵਿੰਦਰ ਸਿੰਘ ਮੱਟੂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।ਸਿੱਖ ਸੁਸਾਇਟੀ ਡੇਟਨ ਵਲੋਂ ਗੁਰਦੁਆਰਾ ਸਾਹਿਬ ਦੇ ਨਾਲ ਸਥਾਪਿਤ ਕੀਤੀ ਗਈ ਨਵਾਂ ਸੇਵਾ ਕਲੀਨਿਕ ਦਾ ਵੀ ਕਮਿਸ਼ਨਰ ਪਰੈਲਸ ਨੇ ਉਦਘਾਟਨ ਕੀਤਾ। ਆਏ ਹੋਏ ਮਹਿਮਾਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਵੀ ਛਕਿਆ। ਆਜ਼ਾਦੀ ਦਿਹਾੜੇ 'ਤੇ ਸ਼ਾਮ ਨੂੰ ਸਿੱਖ ਭਾਈਚਾਰੇ ਵੱਲੋਂ ਡੇਟਨ ਸ਼ਹਿਰ ਵਿੱਚ ਕੱਢੀ ਗਈ ਆਜ਼ਾਦੀ ਦਿਵਸ ਦੀ ਪਰੇਡ ਵਿੱਚ ਵੀ ਸ਼ਮੂਲੀਅਤ ਕੀਤੀ।