ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਆਸਟਰੇਲੀਆ 'ਚ ਪ੍ਰਦਰਸ਼ਨ ਦਾ ਐਲਾਨ, ਇਸ ਸ਼ਰਤ 'ਤੇ ਮਿਲੇਗੀ ਧਰਨੇ 'ਚ ਐਂਟਰੀ
Monday, Nov 07, 2022 - 10:37 AM (IST)
ਜਲੰਧਰ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਤੋਂ ਵਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਲੋਕ ਆਪਣੇ ਚਹੇਤੇ ਸਟਾਰ ਹਾਲੇ ਵੀ ਆਪਣੇ ਦਿਲੋਂ ਕੱਢ ਨਹੀਂ ਸਕੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਕਾਤਲ ਹਾਲੇ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹਨ। ਇਹ ਸਭ ਵੇਖਦਿਆਂ ਸਿੱਧੂ ਮੂਸੇਵਾਲਾ ਦੇ ਫ਼ੈਨਜ਼ 'ਚ ਭਾਰੀ ਰੋਸ ਹੈ।
ਦੱਸ ਦਈਏ ਕਿ 13 ਨਵੰਬਰ ਨੂੰ ਮੂਸੇਵਾਲਾ ਨੂੰ ਇਨਸਾਫ਼ ਦੀ ਗੁਹਾਰ ਲਗਾਉਣ ਲਈ ਆਸਟਰੇਲੀਆ 'ਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਧਰਨਾ ਪ੍ਰਦਰਸ਼ਨ 'ਚ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਧਰਨਾ ਪ੍ਰਦਰਸ਼ਨ ਦੀ ਇੱਕ ਸ਼ਰਤ ਵੀ ਰੱਖੀ ਗਈ ਹੈ ਕਿ ਮੂਸੇਵਾਲਾ ਦੇ ਫ਼ੈਨਜ਼ ਦੀਆਂ ਸ਼ਰਟਾਂ 'ਤੇ 'ਜਸਟਿਸ ਫਾਰ ਸਿੱਧੂ ਮੂਸੇਵਾਲਾ' ਲਿਖਿਆ ਹੋਣਾ ਜ਼ਰੂਰੀ ਹੈ। ਜੀ ਹਾਂ, ਇਹ ਅਸੀਂ ਨਹੀਂ ਕਹਿ ਰਹੇ, ਸੋਸ਼ਲ ਮੀਡੀਆ 'ਤੇ ਧਰਨਾ ਪ੍ਰਦਰਸ਼ਨ ਦਾ ਪੋਸਟਰ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਤੇ ਲਿਖਿਆ ਹੋਇਆ ਹੈ ਕਿ 13 ਨਵੰਬਰ ਨੂੰ ਆਸਟਰੇਲੀਆ ਦੇ ਮੇਲਬੋਰਨ 'ਚ ਮੇਲਬੋਰਨ ਕ੍ਰਿਕੇਟ ਗਰਾਊਂਡ ਵਿਖੇ ਸ਼ਾਮੀਂ 5 ਵਜੇ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਕੋਈ ਫੋਨ ਨੰਬਰ +61481954772 ਤੇ ਫੋਨ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਹੇਠਾਂ ਜ਼ਰੂਰੀ ਨੋਟ ਵੀ ਹੈ ਕਿ ''ਧਰਨੇ 'ਚ ਸਭ ਦੀਆਂ ਸ਼ਰਟਾਂ 'ਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਿਆ ਹੋਣਾ ਬੇਹੱਦ ਜ਼ਰੂਰੀ ਹੈ।"
ਉਥੇ ਹੀ ਇਕ ਵਾਰ ਮੁੜ ਤੋਂ ਪੰਜਾਬੀ ਇੰਡਸਟਰੀ ਦੇ ਕਲਾਕਾਰ ਸਿੱਧੂ ਮੂਸੇਵਾਲਾ ਦੇ ਸਮਰਥਨ 'ਚ ਇਕੱਠੇ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬੀ ਕਲਾਕਾਰਾਂ ਨੇ ਵੀ ਇਸ ਧਰਨਾ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋਏ ਪੋਸਟਰ ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਇਸ ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਨਾਲ ਜਸਵਿੰਦਰ ਬਰਾੜ ਵੱਲੋਂ ਵੀ ਇਸੇ ਪੋਸਟਰ ਨੂੰ ਸ਼ੇਅਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਮੂਸੇਵਾਲਾ ਦਾ ਪਰਿਵਾਰ ਤੇ ਉਨ੍ਹਾਂ ਦੇ ਚਾਹੁਣ ਵਾਲੇ ਦੁਨੀਆ ਭਰ 'ਚ ਮਰਹੂਮ ਗਾਇਕ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਮੂਸੇਵਾਲਾ ਦੇ ਕਤਲ ਦੀ ਜਾਂਚ ਦੀ ਕਮਾਨ ਹੁਣ ਕੇਂਦਰੀ ਜਾਂਚ ਏਜੰਸੀ ਐੱਨ. ਆਈ. ਏ. ਨੇ ਸੰਭਾਲ ਲਈ ਹੈ। ਹੁਣ ਦੇਖਣਾ ਇਹ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲਦਾ ਹੈ ਤੇ ਕਦੋਂ ਉਨ੍ਹਾਂ ਦੇ ਕਾਤਲ ਪੁਲਸ ਦੀ ਗ੍ਰਿਫ਼ਤ 'ਚ ਆਉਂਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।