Big Breaking : ਮਾਸਕੋ ’ਚ ਵੱਡਾ ਅੱਤਵਾਦੀ ਹਮਲਾ, ਗੋਲੀਬਾਰੀ ਤੇ ਧਮਾਕਿਆਂ ’ਚ 60 ਤੋਂ ਵੱਧ ਮੌਤਾਂ, 145 ਜ਼ਖ਼ਮੀ

03/23/2024 6:15:30 AM

ਇੰਟਰਨੈਸ਼ਨਲ ਡੈਸਕ– ਰੂਸੀ ਸਮਾਚਾਰ ਏਜੰਸੀਆਂ ਮੁਤਾਬਕ ਸ਼ੁੱਕਰਵਾਰ ਨੂੰ ਮਾਸਕੋ ਦੇ ਨੇੜੇ ਇਕ ਕੰਸਰਟ ਹਾਲ ’ਚ ਲੜਾਕੂ ਵਰਦੀਆਂ ਪਹਿਨੇ 5 ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ’ਚ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਤੇ 145 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਨੇ ਲਈ ਹੈ।

ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਮੁਤਾਬਕ ਬੰਦੂਕਧਾਰੀਆਂ ਨੇ ਰੂਸ ਦੀ ਰਾਜਧਾਨੀ ਦੇ ਪੱਛਮੀ ਕਿਨਾਰੇ ’ਤੇ ਸਥਿਤ ਕ੍ਰੋਕਸ ਸਿਟੀ ਹਾਲ ’ਚ ਗੋਲੀਬਾਰੀ ਕੀਤੀ। ਬਾਅਦ ’ਚ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ ਤੇ ਸਮਾਰੋਹ ਹਾਲ ਨੂੰ ਅੱਗ ਦੀ ਲਪੇਟ ’ਚ ਦੇਖਿਆ ਗਿਆ। ਹਮਲਾਵਰ ਕੰਸਰਟ ਹਾਲ ਦੇ ਅੰਦਰ ਮੌਜੂਦ ਹਨ ਤੇ ਸੁਰੱਖਿਆ ਬਲਾਂ ਨਾਲ ਉਨ੍ਹਾਂ ਦਾ ਮੁਕਾਬਲਾ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਰਾਊਜ ਐਵੇਨਿਊ ਕੋਰਟ ਦੇ ਫੈਸਲੇ ਤੋਂ ਬਾਅਦ ਕੇਜਰੀਵਾਲ ਨੇ CM ਅਹੁਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਗੋਲੀਬਾਰੀ ਸ਼ੁਰੂ ਹੋਣ ਤੋਂ ਇਕ ਘੰਟੇ ਬਾਅਦ ਰੋਸਗਵਾਰਡੀਆ ਵਿਸ਼ੇਸ਼ ਬਲ ਕ੍ਰੋਕਸ ਸਿਟੀ ਹਾਲ ’ਚ ਪਹੁੰਚ ਗਏ। ਅੱਗ ਬੁਝਾਉਣ ਲਈ ਹੈਲੀਕਾਪਟਰ ਮੌਕੇ ’ਤੇ ਭੇਜੇ ਗਏ। ਕੰਸਰਟ ਹਾਲ ’ਚ ਸੈਕੜੇ ਲੋਕਾਂ ਦੇ ਫਸੇ ਹੋਣ ਦੇ ਖਦਸ਼ੇ ਕਾਰਨ ਮੌਕੇ ’ਤੇ 70 ਤੋਂ ਜ਼ਿਆਦਾ ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਹੈ।

PunjabKesari

ਰੂਸੀ ਖ਼ਬਰਾਂ ਮੁਤਾਬਕ ਬੰਦੂਕਧਾਰੀਆਂ ਨੇ ਗੋਲੀਬਾਰੀ ਤੋਂ ਬਾਅਦ ਕੰਸਰਟ ਹਾਲ ’ਚ ਬੰਬ ਸੁੱਟੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਇਮਾਰਤ ’ਤੇ ਕਾਲੇ ਧੂੰਏਂ ਦਾ ਵੱਡਾ ਬੱਦਲ ਉੱਠਦਾ ਨਜ਼ਰ ਆ ਰਿਹਾ ਹੈ। ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਰੂਸੀ ਸਪੈਸ਼ਲ ਫੋਰਸ ਇਮਾਰਤ ’ਚ ਦਾਖ਼ਲ ਹੋ ਗਈ ਹੈ ਤੇ ਆਪਰੇਸ਼ਨ ਕਰ ਰਹੀ ਹੈ।

PunjabKesari

ਮਾਸਕੋ ਦੇ ਗਵਰਨਰ ਵੋਰੋਬਿਓਵ ਨੇ ਕਿਹਾ ਕਿ ਕ੍ਰੋਕਸ ਸਿਟੀ ਹਾਲ ਦੇ ਨੇੜੇ 70 ਤੋਂ ਵੱਧ ਐਂਬੂਲੈਂਸਾਂ ਤਾਇਨਾਤ ਹਨ, ਡਾਕਟਰ ਸਾਰੇ ਜ਼ਖ਼ਮੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਾਲ ਦੇ ਅੰਦਰੋਂ ਬਾਹਰ ਕੱਢਿਆ ਜਾ ਰਿਹਾ ਹੈ। ਇਸ ਹਫ਼ਤੇ ਲਈ ਰੂਸ ਦੀ ਰਾਜਧਾਨੀ ’ਚ ਸਾਰੇ ਜਨਤਕ ਇਕੱਠਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਸ ਮਹੀਨੇ ਦੀ ਸ਼ੁਰੂਆਤ ’ਚ ਅਮਰੀਕੀ ਦੂਤਘਰ ਨੇ ਰੂਸ ’ਚ ਅਜਿਹੇ ਹਮਲਿਆਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਸੀ। ਅਮਰੀਕੀ ਦੂਤਾਵਾਸ ਨੇ ਕਿਹਾ ਸੀ ਕਿ ਅੱਤਵਾਦੀ ਮਾਸਕੋ ’ਚ ਸੰਗੀਤ ਸਮਾਰੋਹਾਂ ਵਰਗੇ ਵੱਡੇ ਇਕੱਠਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਐਡਵਾਈਜ਼ਰੀ ’ਚ ਅਮਰੀਕੀ ਨਾਗਰਿਕਾਂ ਨੂੰ ਅਜਿਹੇ ਵੱਡੇ ਇਕੱਠਾਂ ’ਚ ਜਾਣ ਤੋਂ ਬਚਣ ਦੀ ਅਪੀਲ ਕੀਤੀ ਗਈ ਸੀ।

ਜਦੋਂ ਅੱਤਵਾਦੀਆਂ ਨੇ ਕੰਸਰਟ ਹਾਲ ’ਤੇ ਹਮਲਾ ਕੀਤਾ ਤਾਂ ਉਥੇ ਬੈਂਡ ‘ਪਿਕਨਿਕ ਮਿਊਜ਼ਿਕ’ ਦੀ ਪੇਸ਼ਕਾਰੀ ਚੱਲ ਰਹੀ ਸੀ। ਇਸ ਸੰਗੀਤ ਸਮਾਰੋਹ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਸਨ। ਇਕ ਅੰਦਾਜ਼ੇ ਮੁਤਾਬਕ ਜਦੋਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕੀਤੀ ਤਾਂ ਹਾਲ ’ਚ 6,200 ਲੋਕ ਮੌਜੂਦ ਸਨ। ਕ੍ਰੋਕਸ ਵਿਖੇ ਹਾਲ ਦੀ ਸਮਰੱਥਾ 9,500 ਲੋਕਾਂ ਦੀ ਹੈ। ਰੂਸੀ ਹਵਾਈ ਅੱਡਿਆਂ ’ਤੇ ਸੁਰੱਖਿਆ ਏਜੰਸੀਆਂ ਅਲਰਟ ’ਤੇ ਹਨ। ਰੂਸੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੇ ਪਹਿਲਾਂ ਸੁਰੱਖਿਆ ਗਾਰਡਾਂ ਦੀ ਹੱਤਿਆ ਕੀਤੀ ਤੇ ਫਿਰ ਕੰਸਰਟ ਹਾਲ ਦੇ ਪ੍ਰਵੇਸ਼ ਤੇ ਨਿਕਾਸ ਨੂੰ ਬੰਦ ਕਰ ਦਿੱਤਾ ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News