ਇਸਮਾਈਲ ਮੁਸਲਿਮ ਭਾਈਚਾਰੇ ਦੇ ਅਧਿਆਤਮਿਕ ਆਗੂ ਆਗਾ ਖਾਨ ਦਾ 88 ਸਾਲ ਦੀ ਉਮਰ ''ਚ ਦੇਹਾਂਤ
Wednesday, Feb 05, 2025 - 04:20 PM (IST)
ਪੈਰਿਸ (ਏਜੰਸੀ)- ਹਾਰਵਰਡ ਗ੍ਰੈਜੂਏਟ ਵਜੋਂ 20 ਸਾਲ ਦੀ ਉਮਰ ਵਿਚ ਹੀ ਦੁਨੀਆ ਭਰ ਦੇ ਲੱਖਾਂ ਇਸਮਾਈਲ ਮੁਸਲਮਾਨਾਂ ਦੇ ਅਧਿਆਤਮਿਕ ਆਗੂ ਬਣੇ, ਆਗਾ ਖਾਨ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ। ਆਗਾ ਖਾਨ ਡਿਵੈਲਪਮੈਂਟ ਨੈੱਟਵਰਕ ਅਤੇ ਇਸਮਾਈਲੀ ਧਾਰਮਿਕ ਭਾਈਚਾਰੇ ਨੇ ਐਲਾਨ ਕੀਤਾ ਕਿ ਸ਼ੀਆ ਇਸਮਾਈਲੀ ਮੁਸਲਮਾਨਾਂ ਦੇ 49ਵੇਂ ਖ਼ਾਨਦਾਨੀ ਇਮਾਮ, ਪ੍ਰਿੰਸ ਕਰੀਮ ਅਲ-ਹੁਸੈਨੀ, ਆਗਾ ਖਾਨ ਚੌਥੇ, ਦਾ ਪੁਰਤਗਾਲ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਨਾਲ ਸੀ।
ਆਗਾ ਖਾਨ ਦੀ ਵਸੀਅਤ ਵਿੱਚ ਉਨ੍ਹਾਂ ਦੇ ਉੱਤਰਾਧਿਕਾਰੀ ਦਾ ਜ਼ਿਕਰ ਹੈ, ਜਿਸਨੂੰ ਲਿਸਬਨ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਧਾਰਮਿਕ ਆਗੂਆਂ ਦੀ ਮੌਜੂਦਗੀ ਵਿੱਚ ਪੜ੍ਹ ਕੇ ਸੁਣਾਇਆ ਜਾਵੇਗਾ, ਜਿਸ ਤੋਂ ਬਾਅਦ ਨਾਮ ਜਨਤਕ ਕੀਤਾ ਜਾਵੇਗਾ। ਇਸਦੀ ਤਾਰੀਖ਼ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸਮਾਈਲੀ ਭਾਈਚਾਰੇ ਦੀ ਵੈੱਬਸਾਈਟ ਦੇ ਅਨੁਸਾਰ, ਉੱਤਰਾਧਿਕਾਰੀ ਪਰਿਵਾਰ ਜਾਂ ਹੋਰ ਰਿਸ਼ਤੇਦਾਰਾਂ ਦੇ ਪਰਿਵਾਰਾਂ ਦੇ ਮਰਦਾਂ ਵਿੱਚੋਂ ਚੁਣਿਆ ਜਾਂਦਾ ਹੈ। ਆਗਾ ਖਾਨ ਦੇ ਪੈਰੋਕਾਰ ਉਨ੍ਹਾਂ ਨੂੰ ਪੈਗੰਬਰ ਮੁਹੰਮਦ ਦਾ ਵੰਸ਼ਜ ਮੰਨਦੇ ਹਨ। ਆਗਾ ਖਾਨ ਨੂੰ ਜੁਲਾਈ 1957 ਵਿੱਚ ਮਹਾਰਾਣੀ ਐਲਿਜ਼ਾਬੈਥ ਨੇ 'ਹਿਜ਼ ਹਾਈਨੈਸ' ਦਾ ਖਿਤਾਬ ਦਿੱਤਾ ਸੀ। ਸਿਰਫ਼ ਦੋ ਹਫ਼ਤੇ ਪਹਿਲਾਂ ਹੀ ਉਨ੍ਹਾਂ ਦੇ ਦਾਦਾ ਆਗਾ ਖਾਨ ਤੀਜੇ ਨੇ ਅਚਾਨਕ ਉਸਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਸੀ।