ਸ਼੍ਰੀਲੰਕਾ ਬੰਬ ਧਮਾਕਿਆਂ ''ਚ ਸ਼ੇਖ ਹਸੀਨਾ ਦੇ ਦੋਹਤੇ ਦੀ ਮੌਤ

04/24/2019 1:47:22 PM

ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਸੰਡੇ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਹੁਣ ਤਕ 359 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਧਮਾਕੇ 'ਚ 45 ਬੱਚੇ ਮਾਰੇ ਗਏ। ਮ੍ਰਿਤਕਾਂ 'ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਦੋਹਤਾ ਸ਼ਾਮਲ ਹੈ। ਬੱਚੇ ਦੀ ਉਮਰ ਅਜੇ 8 ਸਾਲ ਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸੱਤਾਧਾਰੀ ਆਵਾਮੀ ਲੀਗ ਦੇ ਨੇਤਾ ਸ਼ੇਖ ਫਜ਼ਲੁਲ ਕਰੀਮ ਸਲੀਮ ਦਾ ਦੋਹਤਾ ਜਿਆਨ ਚੌਧਰੀ ਮਾਰਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਲੀਮ ਰਿਸ਼ਤੇਦਾਰੀ 'ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਰਾ ਲੱਗਦੇ ਹਨ। ਬੱਚਾ ਛੁੱਟੀਆਂ 'ਚ ਪਰਿਵਾਰ ਨਾਲ ਘੁੰਮਣ ਗਿਆ ਸੀ ਅਤੇ ਉਹ ਇਕ ਹੋਟਲ 'ਚ ਰੁਕੇ ਸਨ, ਜਿਸ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ।

ਬੰਬ ਧਮਾਕਿਆਂ ਮਗਰੋਂ ਉਸ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ ਧਮਾਕੇ ਸਮੇਂ ਬੱਚਾ ਆਪਣੇ ਪਿਤਾ ਨਾਲ ਨਾਸ਼ਤਾ ਕਰ ਰਿਹਾ ਸੀ। ਬੱਚੇ ਦੇ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਚੇ ਦੇ ਲਾਪਤਾ ਹੋਣ ਦੀ ਖਬਰ ਮਗਰੋਂ ਹਸੀਨਾ ਨੇ ਪ੍ਰਾਰਥਨਾ ਕਰਦਿਆਂ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਬੱਚਾ ਠੀਕ ਹੋਵੇ ਪਰ ਬਾਅਦ 'ਚ ਬੱਚੇ ਦੀ ਲਾਸ਼ ਬਰਾਮਦ ਹੋ ਗਈ। ਉਸ ਦੀ ਲਾਸ਼ ਨੂੰ ਅੱਜ ਢਾਕਾ ਭੇਜਿਆ ਜਾਵੇਗਾ ਅਤੇ ਇੱਥੇ ਉਸ ਦਾ ਸੰਸਕਾਰ ਕੀਤਾ ਜਾਵੇਗਾ।


Related News