ਸ਼ੇਖ ਹਸੀਨਾ ਪਰਿਵਾਰ ਦੇ 31 ਖਾਤੇ ‘ਫ੍ਰੀਜ਼’ ਕਰਨ ਦੇ ਹੁਕਮ
Wednesday, Mar 19, 2025 - 02:49 AM (IST)

ਢਾਕਾ (ਭਾਸ਼ਾ) - ਢਾਕਾ ਦੀ ਇਕ ਅਦਾਲਤ ਨੇ ਅਹੁਦੇ ਤੋਂ ਉਤਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਦੇ 31 ਖਾਤਿਆਂ ਨੂੰ ਮੰਗਲਵਾਰ ਨੂੰ ਫ੍ਰੀਜ਼ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕੀਤੀ ਹੈ। ਮੀਡੀਆ ’ਚ ਆਈਆਂ ਖਬਰਾਂ ਅਨੁਸਾਰ ਹਸੀਨਾ, ਉਨ੍ਹਾਂ ਦੇ ਬੇਟੇ ਸਜੀਬ ਵਾਜੇਦ ਜੋਏ, ਬੇਟੀ ਸਾਈਮਾ ਵਾਜੇਦ ਪੁਤੁਲ, ਭੈਣ ਸ਼ੇਖ ਰੇਹਾਨਾ, ਭਤੀਜੇ ਰਾਦਵਾਨ ਮੁਜੀਬ ਸਿੱਦੀਕ ਬੌਬੀ ਅਤੇ ਉਨ੍ਹਾਂ ਨਾਲ ਸਬੰਧਤ ਸੰਗਠਨਾਂ ਦੇ ਬੈਂਕ ਖਾਤਿਆਂ ’ਚ ਕੁੱਲ 394.6 ਕਰੋੜ ਟਕਾ (ਲੱਗਭਗ 281.2 ਕਰੋੜ ਭਾਰਤੀ ਰੁਪਏ) ਜਮ੍ਹਾ ਹਨ।
ਜਿਨ੍ਹਾਂ ਸੰਗਠਨਾਂ ਦੇ ਬੈਂਕ ਖਾਤਿਆਂ ਨਾਲ ਲੈਣ-ਦੇਣ ’ਤੇ ਰੋਕ ਲਾਉਣ ਦਾ ਹੁਕਮ ਦਿੱਤਾ ਗਿਆ ਹੈ, ਉਨ੍ਹਾਂ ’ਚ ਬੰਗਲਾਦੇਸ਼ ਅਵਾਮੀ ਲੀਗ ਅਤੇ ਜਾਤਿਰ ਜਨਕ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਟਰੱਸਟ ਸ਼ਾਮਲ ਹਨ। ਜੱਜ ਮੁਹੰਮਦ ਜ਼ਾਕਿਰ ਹੁਸੈਨ ਨੇ ਇਹ ਹੁਕਮ ਜਾਂਚ ਟੀਮ ਦੀ ਅਗਵਾਈ ਕਰ ਰਹੇ ਡਿਪਟੀ ਡਾਇਰੈਕਟਰ ਮੋਨੀਰੂਲ ਇਸਲਾਮ ਵੱਲੋਂ ਇਸ ਸਬੰਧ ’ਚ ਅਰਜ਼ੀ ਦਾਇਰ ਕਰਨ ਤੋਂ ਬਾਅਦ ਸੁਣਾਇਆ।