ਮੁੰਬਈ ਪੁੱਜੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, 3.25 ਲੱਖ ਕਰੋੜ ਦੀ ਰਾਫੇਲ ਡੀਲ ''ਤੇ ਲੱਗ ਸਕਦੀ ਹੈ ਮੋਹਰ
Tuesday, Feb 17, 2026 - 10:04 AM (IST)
ਮੁੰਬਈ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅੱਜ ਆਪਣੇ ਤਿੰਨ ਦਿਨਾਂ ਭਾਰਤ ਦੌਰੇ ਦੇ ਪਹਿਲੇ ਪੜਾਅ ਵਜੋਂ ਮੁੰਬਈ ਪਹੁੰਚ ਗਏ ਹਨ। ਮੁੰਬਈ ਹਵਾਈ ਅੱਡੇ 'ਤੇ ਮਹਾਰਾਸ਼ਟਰ ਦੇ ਰਾਜਪਾਲ ਅਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। 2017 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਮੈਕਰੋਨ ਦੀ ਇਹ ਚੌਥੀ ਭਾਰਤ ਯਾਤਰਾ ਹੈ ਅਤੇ ਮੁੰਬਈ ਦਾ ਉਨ੍ਹਾਂ ਦਾ ਇਹ ਪਹਿਲਾ ਦੌਰਾ ਹੈ। ਪੀਐੱਮ ਮੋਦੀ ਉਨ੍ਹਾਂ ਨਾਲ ਮੁੰਬਈ ਵਿੱਚ ਹੀ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ : US Firing: ਮੈਚ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ, ਰੋਡ ਆਈਲੈਂਡ ਦੇ ਹਾਕੀ ਸਟੇਡੀਅਮ 'ਚ 2 ਲੋਕਾਂ ਦੀ ਮੌਤ
3.25 ਲੱਖ ਕਰੋੜ ਦਾ ਰੱਖਿਆ ਸੌਦਾ ਮੁੱਖ ਖਿੱਚ ਦਾ ਕੇਂਦਰ
ਇਸ ਦੌਰੇ ਦਾ ਸਭ ਤੋਂ ਅਹਿਮ ਪਹਿਲੂ 114 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਹੋਣ ਵਾਲੀ ਫੈਸਲਾਕੁੰਨ ਗੱਲਬਾਤ ਹੈ। ਲਗਭਗ 3.25 ਲੱਖ ਕਰੋੜ ਰੁਪਏ ਦੇ ਇਸ ਸੰਭਾਵੀ ਸੌਦੇ ਨੂੰ 'ਮਦਰ ਆਫ ਆਲ ਡੀਲਜ਼' (ਸਾਰੇ ਰੱਖਿਆ ਸੌਦਿਆਂ ਦੀ ਮਾਂ) ਕਿਹਾ ਜਾ ਰਿਹਾ ਹੈ। ਰੱਖਿਆ ਮਾਹਿਰਾਂ ਅਨੁਸਾਰ, ਇਹ ਸੌਦਾ ਭਾਰਤ ਅਤੇ ਫਰਾਂਸ ਦੇ ਰਣਨੀਤਕ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗਾ।
ਮੁੰਬਈ 'ਚ ਹੋਵੇਗੀ ਪੀਐੱਮ ਮੋਦੀ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ ਵਿੱਚ ਹੀ ਰਾਸ਼ਟਰਪਤੀ ਮੈਕਰੋਨ ਨਾਲ ਮੁਲਾਕਾਤ ਕਰਨਗੇ। ਅਧਿਕਾਰਤ ਜਾਣਕਾਰੀ ਅਨੁਸਾਰ, ਦੋਵੇਂ ਨੇਤਾ ਦੁਪਹਿਰ ਲਗਭਗ 3:15 ਵਜੇ ਲੋਕ ਭਵਨ ਵਿਖੇ ਦੁਵੱਲੀ ਬੈਠਕ ਕਰਨਗੇ, ਜਿਸ ਵਿੱਚ ਰੱਖਿਆ ਸਹਿਯੋਗ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਖੇਤਰੀ ਤੇ ਵਿਸ਼ਵਵਿਆਪੀ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿੱਚ ਅਧਿਕਾਰੀਆਂ ਦੀ ਆਪਸੀ ਤਾਇਨਾਤੀ ਸਬੰਧੀ ਵੀ ਅਹਿਮ ਐਲਾਨ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : IND vs PAK: ਭਾਰਤ ਤੋਂ ਪਾਕਿਸਤਾਨ ਨੂੰ ਮਿਲੀ ਹਾਰ ਪਿੱਛੋਂ ਗੁੱਸਾ ਹੋਏ ਆਸਿਮ ਮੁਨੀਰ, ਖ਼ਤਰੇ 'ਚ PCB ਚੀਫ ਦੀ ਕੁਰਸੀ?
AI ਇੰਪੈਕਟ ਸਮਿਟ 'ਚ ਲੈਣਗੇ ਹਿੱਸਾ
ਰਾਸ਼ਟਰਪਤੀ ਮੈਕਰੋਨ ਭਾਰਤ ਵਿੱਚ ਆਯੋਜਿਤ ਹੋ ਰਹੇ 'AI ਇੰਪੈਕਟ ਸਮਿਟ' ਵਿੱਚ ਸ਼ਾਮਲ ਹੋਣ ਲਈ ਆਏ ਹਨ। ਸ਼ਾਮ ਨੂੰ ਦੋਵੇਂ ਆਗੂ 'ਭਾਰਤ-ਫਰਾਂਸ ਨਵੀਨਤਾ (ਇਨੋਵੇਸ਼ਨ) ਸਾਲ 2026' ਦਾ ਉਦਘਾਟਨ ਕਰਨਗੇ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ, ਸਟਾਰਟਅੱਪਸ ਅਤੇ ਖੋਜਕਰਤਾਵਾਂ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਫਰਾਂਸ ਭਾਰਤ ਦਾ ਇੱਕ ਮਜ਼ਬੂਤ ਰਣਨੀਤਕ ਭਾਈਵਾਲ ਰਿਹਾ ਹੈ। ਜੁਲਾਈ 2023 ਵਿੱਚ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੀ ਬੈਸਟਿਲ ਡੇ ਪਰੇਡ ਵਿੱਚ ਮੁੱਖ ਮਹਿਮਾਨ ਸਨ, ਜਦਕਿ ਰਾਸ਼ਟਰਪਤੀ ਮੈਕਰੋਨ ਨੇ ਭਾਰਤ ਦੇ 2024 ਦੇ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ।
