ਸ਼ਹਿਬਾਜ਼ ਸ਼ਰੀਫ ਨੇ ਸਰਕਾਰ ਛੱਡਣ ਦਾ ਕੀਤਾ ਐਲਾਨ, ਪਾਕਿਸਤਾਨ ਨੂੰ ਮਿਲੇਗਾ ਨਵਾਂ ਕੇਅਰਟੇਕਰ PM

Friday, Jul 14, 2023 - 11:39 AM (IST)

ਸ਼ਹਿਬਾਜ਼ ਸ਼ਰੀਫ ਨੇ ਸਰਕਾਰ ਛੱਡਣ ਦਾ ਕੀਤਾ ਐਲਾਨ, ਪਾਕਿਸਤਾਨ ਨੂੰ ਮਿਲੇਗਾ ਨਵਾਂ ਕੇਅਰਟੇਕਰ PM

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਦੇਸ਼ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਆਮ ਚੋਣਾਂ ਰਾਹੀਂ ਅਗਵਾਈ ਕਰਨ ਲਈ ਅਗਸਤ ਵਿੱਚ ਸਰਕਾਰ ਦੀ ਵਾਗਡੋਰ ਇਕ ਕਾਰਜਕਾਰੀ ਸਰਕਾਰ ਨੂੰ ਸੌਂਪ ਦੇਵੇਗੀ। ਟੀਵੀ 'ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸ਼ਹਿਬਾਜ਼ ਸ਼ਰੀਫ਼ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਅਗਸਤ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਇਸ ਤੋਂ ਬਾਅਦ ਪਾਕਿਸਤਾਨ ਵਿੱਚ ਚੋਣਾਂ ਹੋਣ ਅਤੇ ਨਵਾਂ ਪ੍ਰਧਾਨ ਮੰਤਰੀ ਬਣਨ ਤੱਕ ਕੇਅਰਟੇਕਰ ਪ੍ਰਧਾਨ ਮੰਤਰੀ ਦੇਸ਼ ਦੀ ਵਿਵਸਥਾ ਨੂੰ ਸੰਭਾਲੇਗਾ। ਸ਼ਹਿਬਾਜ਼ ਸ਼ਰੀਫ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਆਰਾ ਪਾਕਿਸਤਾਨ ਦੇ ਹਿੱਤਾਂ ਦੇ ਰਾਹ ਵਿੱਚ ਲਗਾਈਆਂ ਗਈਆਂ 'ਬਾਰੂਦੀ ਸੁਰੰਗਾਂ' ਨੂੰ ਸਾਫ਼ ਕਰ ਦਿੱਤਾ ਹੈ। 

ਸ਼ਹਿਬਾਜ਼ ਸ਼ਰੀਫ ਦੇਣਗੇ ਅਸਤੀਫਾ

ਇੱਕ ਦਿਨ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਪਾਰਟੀ ਦੇ ਚੇਅਰਮੈਨ ਸ਼ਹਿਬਾਜ਼ ਸ਼ਰੀਫ਼ ਨੇ ਇਸਲਾਮਾਬਾਦ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਅੰਤਰਿਮ ਸਰਕਾਰ ਅਤੇ ਚੋਣਾਂ ਲਈ ਰਾਹ ਪੱਧਰਾ ਕਰਨ ਲਈ ਸੰਸਦ 14 ਅਗਸਤ ਨੂੰ ਆਪਣਾ ਕਾਰਜਕਾਲ ਪੂਰਾ ਕਰੇਗੀ। ਸ਼ਰੀਫ, ਜਿਨ੍ਹਾਂ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਸਹੁੰ ਚੁੱਕੀ ਸੀ, ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਦੇਸ਼ ਨੂੰ ਚਲਾਉਣ ਦੀ "ਪਵਿੱਤਰ ਜ਼ਿੰਮੇਵਾਰੀ" ਦਿੱਤੀ ਗਈ ਹੈ ਅਤੇ ਕਿਹਾ ਕਿ "ਅਸੀਂ ਅਗਸਤ 2023 ਵਿੱਚ ਇਹ ਜ਼ਿੰਮੇਵਾਰੀ ਇੱਕ ਕਾਰਜਕਾਰੀ ਸਰਕਾਰ ਨੂੰ ਸੌਂਪ ਦੇਵਾਂਗੇ।" 

ਇੰਝ ਚੁਣਿਆ ਜਾਂਦਾ ਹੈ ਕੇਅਰਟੇਕਰ ਭਾਵ ਕਾਰਜਕਾਰੀ ਪ੍ਰਧਾਨ ਮੰਤਰੀ  

-ਪਾਕਿਸਤਾਨ ਦੇ ਸੰਵਿਧਾਨ ਦੇ ਤਹਿਤ ਆਮ ਚੋਣਾਂ ਇਕ ਨਿਰਪੱਖ ਕੇਅਰਟੇਕਰ ਸਰਕਾਰ ਦੀ ਨਿਗਰਾਨੀ ਹੇਠ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਰਾਬਰ ਦਾ ਮੌਕਾ ਮਿਲੇ ਅਤੇ ਚੋਣਾਂ ਧਾਂਦਲੀ ਤੋਂ ਮੁਕਤ ਹੋਣ। 
-ਕਾਰਜਕਾਰੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਅਹੁਦਾ ਛੱਡਣ ਵਾਲੇ ਪ੍ਰਧਾਨ ਮੰਤਰੀ ਅਤੇ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਚਕਾਰ ਸਮਝੌਤੇ ਦੁਆਰਾ ਕੀਤੀ ਜਾਂਦੀ ਹੈ। 
-ਜੇਕਰ ਉਹ ਕਿਸੇ ਨਾਮ 'ਤੇ ਸਹਿਮਤ ਹੋਣ ਵਿੱਚ ਅਸਫਲ ਰਹਿੰਦੇ ਹਨ, ਤਾਂ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਕੁਝ ਨਾਵਾਂ ਦੀ ਚੋਣ ਕਰਦੇ ਹਨ ਅਤੇ ਉਹਨਾਂ ਨੂੰ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਇੱਕ ਨਾਮ 'ਤੇ ਸਹਿਮਤ ਹੋਣ ਲਈ ਇੱਕ ਦੋ-ਪੱਖੀ ਕਮੇਟੀ ਕੋਲ ਭੇਜਦੇ ਹਨ। 
-ਜੇਕਰ ਕਮੇਟੀ ਵੀ ਅਸਫਲ ਹੋ ਜਾਂਦੀ ਹੈ, ਤਾਂ ਉਹੀ ਨਾਮ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਭੇਜੇ ਜਾਂਦੇ ਹਨ, ਜੋ ਉਨ੍ਹਾਂ ਵਿੱਚੋਂ ਇੱਕ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ। 
-ਕਾਰਜਕਾਰੀ ਪ੍ਰਧਾਨ ਮੰਤਰੀ ਦੇਸ਼ ਦੇ ਮਾਮਲਿਆਂ ਨੂੰ ਚਲਾਉਣ ਲਈ ਇੱਕ ਮੰਤਰੀ ਮੰਡਲ ਦੀ ਨਿਯੁਕਤੀ ਕਰਦਾ ਹੈ ਅਤੇ ਉਸ ਦਾ ਕਾਰਜਕਾਲ ਉਦੋਂ ਖ਼ਤਮ ਹੁੰਦਾ ਹੈ ਜਦੋਂ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਤੋਂ ਬਾਅਦ ਸਹੁੰ ਚੁੱਕੀ ਜਾਂਦੀ ਹੈ। 
ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕਾਰਜਕਾਰੀ ਪ੍ਰਧਾਨ ਮੰਤਰੀ ਕੌਣ ਹੋਵੇਗਾ ਪਰ ਸਿਆਸੀ ਪਾਰਟੀਆਂ ਸਰਬਸੰਮਤੀ ਨਾਲ ਕਿਸੇ ਨੂੰ ਨਿਯੁਕਤ ਕਰਨ ਲਈ ਚਰਚਾ ਕਰ ਰਹੀਆਂ ਹਨ।

ਇਮਰਾਨ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਸੱਤਾ ਤੋਂ ਹਟਾ ਦਿੱਤਾ ਗਿਆ  

ਸ਼ਰੀਫ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 15 ਮਹੀਨਿਆਂ ਦੇ ਥੋੜ੍ਹੇ ਸਮੇਂ 'ਚ ਉਸ ਚੀਜ਼ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਇਮਰਾਨ ਖਾਨ ਨੇ ਜੋ ਖਤਰਨਾਕ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਮਰਾਨ ਖ਼ਾਨ ਵੱਲੋਂ ਫੈਲਾਏ ‘ਵਿਨਾਸ਼ ਦੇ ਮਲਬੇ’ ਨੂੰ ਸਾਫ਼ ਕਰਨ ਦਾ ਕੰਮ ਕੀਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਜਦੋਂ ਨੈਸ਼ਨਲ ਅਸੈਂਬਲੀ ਵੱਲੋਂ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਕੀਤਾ ਸੀ। ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ "ਅਸੀਂ ਪਾਕਿਸਤਾਨ ਦੇ ਹਿੱਤਾਂ ਦੇ ਰਾਹ ਵਿੱਚ ਫੈਲੀਆਂ ਬਾਰੂਦੀ ਸੁਰੰਗਾਂ ਨੂੰ ਸਾਫ਼ ਕਰ ਦਿੱਤਾ ਹੈ।" 

ਪੜ੍ਹੋ ਇਹ ਅਹਿਮ ਖ਼ਬਰ-'ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ' ਅਮਰੀਕਾ ਦੀ ਸੰਸਦੀ ਕਮੇਟੀ ਨੇ ਮਤਾ ਕੀਤਾ ਪਾਸ

ਸ਼ਹਿਬਾਜ਼ ਨੇ ਅੱਗੇ ਕਿਹਾ ਕਿ ਸਰਕਾਰ ਪਿਛਲੀ ਸਰਕਾਰ ਦੇ ਕੁਪ੍ਰਬੰਧ, ਅਯੋਗਤਾ ਅਤੇ ਸਾਜ਼ਿਸ਼ ਦੀ ਅੱਗ ਨੂੰ ਬੁਝਾਉਣ ਵਿੱਚ ਸਫਲ ਰਹੀ ਹੈ। ਉਸ ਨੇ ਕਿਹਾ ਕਿ "ਡੇਢ ਸਾਲ ਦਾ ਇਹ ਸੰਖੇਪ ਸਮਾਂ ਨਿਰਾਸ਼ਾ ਦੇ ਹਨੇਰੇ ਤੋਂ ਉਮੀਦ ਦੀ ਰੌਸ਼ਨੀ ਤੱਕ ਦਾ ਸਫ਼ਰ ਸੀ... ਇਹ ਸਭ ਕੁਝ ਗੁਆਉਣ ਤੋਂ ਬਾਅਦ ਕੁਝ ਹਾਸਲ ਕਰਨ ਦੀ ਸ਼ੁਰੂਆਤ ਸੀ... ਇਹ ਹਫੜਾ-ਦਫੜੀ ਅਤੇ ਅਰਾਜਕਤਾ ਤੋਂ ਵਿਕਾਸ ਵੱਲ ਵਾਪਸੀ ਦਾ ਸਫ਼ਰ ਸੀ।" ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਅਕਤੂਬਰ ਮਹੀਨੇ ਤੱਕ ਚੋਣਾਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਸਰਕਾਰ ਦਾ ਕਾਰਜਕਾਲ ਅਕਤੂਬਰ ਵਿੱਚ ਖ਼ਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਇਮਰਾਨ ਖਾਨ ਦੀ ਪਾਰਟੀ ਲਗਭਗ ਖ਼ਤਮ ਕਰ ਿਦੱਤੀ ਗਈ ਹੈ ਅਤੇ ਸ਼ਾਹਬਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਦੀ ਪਾਰਟੀ ਇਕੱਠੇ ਚੋਣ ਲੜੇਗੀ, ਲਿਹਾਜਾ ਇਸ ਗਠਜੋੜ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News