ਪਾਕਿਸਤਾਨੀ ਸੰਸਦ 'ਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਕੋਰੋਨਾ ਪਾਜ਼ੀਟਿਵ

06/11/2020 11:48:47 AM

ਲਾਹੌਰ : ਪਾਕਿਸਤਾਨੀ ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਮ. ਐੱਲ.) ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਦੀ ਰਿਪੋਰਟ ਨਾਵਲ ਕੋਰੋਨਾ ਵਾਇਰਸ ਪਾਜ਼ੀਟਿਵ ਆਈ ਹੈ। 

ਪਾਰਟੀ ਦੇ ਬੁਲਾਰੇ ਮਰੀਅਮ ਔਰੰਗਜ਼ੇਬ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ 69 ਸਾਲਾ ਸ਼ਹਿਬਾਜ਼ ਸ਼ਰੀਫ ਘਰ ਵਿਚ ਇਕਾਂਤਵਾਸ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ ਸ਼ਹਿਬਾਜ਼ ਸ਼ਰੀਫ ਕੈਂਸਰ ਦੇ ਮਰੀਜ਼ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਇਮਿਊਨਟੀ ਆਮ ਲੋਕਾਂ ਨਾਲੋਂ ਕਮਜ਼ੋਰ ਹੈ।

ਜ਼ਿਕਰਯੋਗ ਹੈ ਕਿ ਪੀ. ਐੱਮ. ਐੱਲ.-ਐੱਨ ਦੇ ਅਹਿਸਾਨ ਇਕਬਾਲ, ਪੀ.ਟੀ. ਆਈ. ਐੱਮ. ਐੱਨ. ਏ. ਦੇ ਡਾਕਟਰ ਰਮੇਸ਼ ਕੁਮਾਰ ਅਤੇ ਫਰੂਖ ਹਬੀਬ, ਜੇ. ਯੂ. ਆਈ.-ਐੱਫ ਐੱਮ. ਐੱਨ. ਏ. ਦੇ ਸ਼ਾਹੀਦ ਅਖਤਰ ਅਲੀ, ਐੱਮ. ਕਿਊ. ਐੱਮ.  ਐੱਮ. ਐੱਨ. ਏ. ਦੇ ਉਸਾਮਾ ਕਾਦਰੀ ਅਤੇ ਸੈਨੇਟਰ ਸਨਾ ਜਮਾਲੀ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਾਰਨ ਇਕਾਂਤਵਾਸ ਵਿਚ ਰਹੇ ਹਨ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,19,536 ਤੇ ਮਰਨ ਵਾਲਿਆਂ ਦੀ ਗਿਣਤੀ 2,356 ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਇਮਰਾਨ ਸਰਕਾਰ ਨੂੰ ਜਲਦੀ ਸਖਤ ਲਾਕਡਾਊਨ ਲਾਗੂ ਕਰਨ ਦੀ ਨਸੀਹਤ ਦਿੱਤੀ ਹੈ। ਪਾਕਿਸਤਾਨ ਦਾ ਸੂਬਾ ਪੰਜਾਬ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 45,463 ਅਤੇ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 841 ਹੋ ਗਈ ਹੈ। 


Lalita Mam

Content Editor

Related News