ਸ਼ਹਿਬਾਜ਼ ਸ਼ਰੀਫ ਨੇ ਬਿਜਲੀ, ਗੈਸ ਦੀ ਘਾਟ ਦੇ ਚਲਦਿਆਂ ਇਮਰਾਨ ਖ਼ਾਨ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
Sunday, Jun 27, 2021 - 01:52 PM (IST)
ਲਾਹੌਰ (ਬਿਊਰੋ)– ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਮੁਖੀ ਤੇ ਨੈਸ਼ਨਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੇ ਬਿਜਲੀ ਤੇ ਗੈਸ ਦੀ ਘਾਟ ਨੂੰ ਲੈ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸੱਤਾਧਾਰੀ ਪੀ. ਟੀ. ਆਈ. ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ।
ਪੀ. ਐੱਮ. ਐੱਲ.-ਐੱਨ. ਦੇ ਬਿਆਨ ਦਾ ਹਵਾਲਾ ਦਿੰਦਿਆਂ ਦਿ ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਸਰਕਾਰ ਦੀ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਖੇਤਰ ’ਚ ਅਸਮਰੱਥਾ ਤੇ ਭ੍ਰਿਸ਼ਟਾਚਾਰ ਚੱਲ ਰਹੇ ਲੋਡ-ਸ਼ੈਡਿੰਗ ਦੇ ਪਿੱਛੇ ਦਾ ਅਸਲ ਕਾਰਨ ਸੀ। ਉਨ੍ਹਾਂ ਅੱਗੇ ਕਿਹਾ ਕਿ ਨਵਾਜ਼ ਦੀ ਅਗਵਾਈ ਹੇਠ ਘਰੇਲੂ ਤੇ ਉਦਯੋਗਿਕ ਖੇਤਰਾਂ ਲਈ ਬਿਜਲੀ ਤੇ ਗੈਸ ਦੀ ਨਿਰਵਿਘਨ ਸਪਲਾਈ ਦੀ ਇਕ ਪੂਰੀ ਪ੍ਰਣਾਲੀ ਪੇਸ਼ ਕੀਤੀ ਗਈ ਸੀ।
ਸ਼ੁੱਕਰਵਾਰ ਨੂੰ ਇਕ ਬਿਆਨ ’ਚ ਉਨ੍ਹਾਂ ਕਿਹਾ, ‘ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੇ ਸਿਖਰ ’ਤੇ ਸਰਕਾਰ ਨੂੰ ਚਾਰ ਐੱਮ. ਐੱਮ. ਬੀ. ਟੀ. ਯੂ. (ਮੈਟ੍ਰਿਕ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ) ਦੀ ਘੱਟ ਕੀਮਤ ’ਤੇ ਗੈਸ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਨੇ ਇਸ ਨੂੰ ਇਸ ਘੱਟ ਕੀਮਤ ’ਤੇ ਖਰੀਦਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਸਰਦੀਆਂ ’ਚ ਉਹੀ ਗੈਸ ਦੁੱਗਣੀ ਕੀਮਤ ’ਤੇ ਖਰੀਦੀ ਗਈ ਸੀ।’
ਪੀ. ਐੱਮ. ਐੱਲ.-ਐੱਨ. ਦੇ ਮੁਖੀ ਨੇ ਅੱਗੇ ਕਿਹਾ, ‘ਸਰਦੀਆਂ ’ਚ ਸਰਕਾਰ ਨੇ ਦੇਸ਼ ਨੂੰ ਝੂਠ ਬੋਲਿਆ ਕਿ ਥੋੜ੍ਹੇ ਸਮੇਂ ਦੇ ਸਮਝੌਤੇ ਨਹੀਂ ਮਿਲਦੇ। ਸਰਕਾਰ ਦਾ ਇਹ ਦਾਅਵਾ ਤਰਕਹੀਣ ਹੈ ਕਿਉਂਕਿ ਦੇਸ਼ ਨੂੰ ਕੱਚੇ ਤੇਲ ਤੇ ਗੈਸ ’ਤੇ 20 ਫੀਸਦੀ ਵਧੇਰੇ ਭੁਗਤਾਨ ਕਰਨਾ ਪਿਆ।’
ਸ਼ਹਿਬਾਜ਼ ਨੇ ਦਾਅਵਾ ਕੀਤਾ ਕਿ ਪੀ. ਐੱਮ. ਐੱਲ.-ਐੱਨ. ਦੇ ਦੌਰ ’ਚ ਪੀ. ਟੀ. ਆਈ. ਦੇ ਮੁਕਾਬਲੇ ਲਗਭਗ 80 ਫੀਸਦੀ ਸਸਤਾ ਗੈਸ ਖਰੀਦ ਸਮਝੌਤਾ ਹੋਇਆ ਸੀ। ਉਨ੍ਹਾਂ ਕਿਹਾ, ‘ਜਦੋਂ ਅਸੀਂ ਸੱਤਾ ’ਚ ਸੀ, ਅਸੀਂ ਦੇਸ਼ ਨੂੰ ਊਰਜਾ ਦੀ ਘਾਟ ਤੋਂ ਬਚਾਉਣ ਲਈ ਦਿਨ-ਰਾਤ ਕੰਮ ਕੀਤਾ ਤੇ ਨੁਕਸਾਨ ਨੂੰ ਖ਼ਤਮ ਕੀਤਾ।’
ਉਨ੍ਹਾਂ ਪੀ. ਟੀ. ਆਈ. ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਸਤੇ ਐੱਲ. ਐੱਨ. ਜੀ. ਖਰੀਦਣ ਦੀ ਬਜਾਏ ਮਹਿੰਗੇ ਫਰਨੇਸ ਆਇਲ ਤੇ ਤਿੰਨ ਗੁਣਾ ਮਹਿੰਗੇ ਡੀਜ਼ਲ ’ਤੇ ਬਿਜਲੀ ਪਲਾਂਟ ਚਲਾਏ ਸਨ ਤੇ ਨਤੀਜੇ ਵਜੋਂ ਕਰਜ਼ਾ ਤੇਜ਼ੀ ਨਾਲ ਵਧਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।