ਪ੍ਰੇਮਿਕਾ ਨਾਲ ਬ੍ਰੇਕਅਪ ਹੁੰਦਿਆਂ ਹੀ ਲੱਗੀ ਲਾਟਰੀ, ਮਿਲੇ 85 ਕਰੋੜ ਰੁਪਏ
Sunday, Apr 01, 2018 - 01:44 PM (IST)
ਲੰਡਨ— ਬ੍ਰਿਟੇਨ 'ਚ ਰਹਿਣ ਵਾਲੇ ਇਕ ਬੇਰੁਜ਼ਗਾਰ ਵਿਅਕਤੀ ਦੀ ਪਿਛਲੇ ਹਫਤੇ 9.3 ਮਿਲੀਅਨ ਪੌਂਡ ਭਾਵ 85,25,31,000 ਰੁਪਏ ਦੀ ਲਾਟਰੀ ਲੱਗੀ ਹੈ। ਜਿੱਥੇ ਉਹ ਆਪਣੀ ਇਸ ਵੱਡੀ ਜਿੱਤ ਦੇ ਜਸ਼ਨ 'ਚ ਰੁੱਝਾ ਹੈ, ਉੱਥੇ ਹਾਲ ਹੀ 'ਚ ਉਸ ਨੂੰ ਛੱਡ ਕੇ ਗਈ ਉਸ ਦੀ ਪ੍ਰੇਮਿਕਾ ਸ਼ਾਇਦ ਦੁਖੀ ਹੋਵੇਗੀ। ਪਾਲ ਲਾਂਗ ਨਾਂ ਦੇ 55 ਸਾਲਾ ਵਿਅਕਤੀ ਨੇ ਦੱਸਿਆ ਕਿ ਉਹ ਰਾਸ਼ਟਰੀ ਲਾਟਰੀ ਜਿੱਤ ਕੇ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ। ਪਾਲ ਦੀ ਜਿੱਤ ਮਗਰੋਂ ਇੰਗਲੈਂਡ ਦੀਆਂ ਸਾਰੀਆਂ ਅਖਬਾਰਾਂ 'ਚ ਉਸ ਦੀਆਂ ਤਸਵੀਰਾਂ ਛਪ ਗਈਆਂ। ਜਸ਼ਨਾਂ 'ਚ ਰੁੱਝੇ ਪਾਲ ਨੇ ਕਿਹਾ ਕਿ ਇਸ ਜਿੱਤ ਨਾਲ ਉਹ ਆਪਣੇ ਟੁੱਟੇ ਹੋਏ ਦਿਲ ਨੂੰ ਲਗਾ ਕੇ ਰੱਖਣ ਦੇ ਯਤਨ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹ ਜਿੱਤ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇਸ ਗੱਲ 'ਤੇ ਯਕੀਨ ਕਰਨ ਲਈ 24 ਘੰਟੇ ਲੱਗੇ ਸਨ।
ਪਾਲ ਨੇ ਦੱਸਿਆ ਕਿ ਜਿਸ ਦਿਨ ਲਾਟਰੀ ਲੱਗੀ ਸੀ ਉਸ ਦਿਨ ਉਸ ਦਾ ਮਨ ਬਹੁਤ ਪ੍ਰੇਸ਼ਾਨ ਸੀ। ਉਹ ਆਪਣੀ ਪ੍ਰੇਮਿਕਾ ਦੇ ਛੱਡ ਜਾਣ ਕਾਰਨ ਬਹੁਤ ਦੁਖੀ ਸੀ। ਪਾਲ ਦੀ ਸਾਬਕਾ ਪ੍ਰੇਮਿਕਾ 52 ਸਾਲਾ ਜੂਲੀ ਵੈੱਸਟ ਨੇ ਇਸ ਨੂੰ ਲੈ ਕੇ ਇਕ ਇੰਟਰਵੀਊ ਦਿੱਤੀ। ਉਸ ਨੇ ਕਿਹਾ ਕਿ ਉਹ ਪਾਲ ਲਾਂਗ ਲਈ ਬਹੁਤ ਖੁਸ਼ ਹੈ ਹਾਲਾਂਕਿ ਉਹ ਉਦਾਸ ਨਜ਼ਰ ਆ ਰਹੀ ਸੀ। ਫਿਲਹਾਲ ਪਾਲ ਨੇ ਜਿੱਤੇ ਹੋਏ ਪੈਸਿਆਂ 'ਚੋਂ ਕੁੱਝ ਨੂੰ ਜਮ੍ਹਾਂ ਕਰਵਾ ਲਿਆ ਹੈ। ਪਾਲ ਨੇ ਕਿਹਾ ਕਿ ਉਸ ਦੀ ਪ੍ਰੇਮਿਕਾ ਨੇ 5 ਸਾਲਾਂ ਦਾ ਪਿਆਰ ਭੁਲਾ ਦਿੱਤਾ ਅਤੇ ਉਸ ਨੂੰ ਛੱਡ ਦਿੱਤਾ। ਉਸ ਨੇ ਕਿਹਾ ਕਿ ਜੇਕਰ ਉਹ ਇਕੱਠੇ ਹੁੰਦੇ ਤਾਂ ਉਸ ਨੇ ਆਪਣੀ ਪ੍ਰੇਮਿਕਾ ਨੂੰ ਖਾਣੇ 'ਤੇ ਲੈ ਕੇ ਜਾਣਾ ਸੀ।