ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਲੋਕਾਂ ਨੂੰ ਤਬਾਹ ਕਰਨ ’ਚ ਕੋਈ ਕਸਰ ਨਹੀਂ ਛੱਡੀ : ਸ਼ਾਹਬਾਜ਼ ਸ਼ਰੀਫ
Monday, Jul 05, 2021 - 11:37 AM (IST)
ਸਵਾਤ (ਪਾਕਿਸਤਾਨ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਵਿਅੰਗ ਕੱਸਦਿਆਂ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਤਬਾਹ ਕਰਨ ’ਚ ਕੋਈ ਕਸਰ ਨਹੀਂ ਛੱਡੀ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਨੇਤਾ ਨੇ ਬਹੁ-ਪਾਰਟੀ ਵਿਰੋਧੀ ਗਠਜੋੜ ਦੇ ਇਕ ਸਮਾਰੋਹ ਦੌਰਾਨ ਕਿਹਾ, ‘ਇਮਰਾਨ ਖ਼ਾਨ ਨੇ ਕਿਹਾ ਸੀ ਕਿ ਉਹ ਸੱਤਾ ’ਚ ਆਉਣ ਦੇ 90 ਦਿਨਾਂ ਅੰਦਰ ਦੇਸ਼ ’ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦੇਣਗੇ ਪਰ ਕੁਝ ਨਹੀਂ ਹੋਇਆ।’
ਸ਼ਾਹਬਾਜ਼ ਨੇ ਅੱਗੇ ਕਿਹਾ, ‘ਪ੍ਰਧਾਨ ਮੰਤਰੀ ਦੀ ਸੀਟ ਜਨਤਾ ਦੀ ਜੇਬ ਵਾਂਗ ਸੰਸਦ ’ਚ ਖਾਲੀ ਰਹਿੰਦੀ ਹੈ। ਜਦੋਂ ਤੋਂ ਇਮਰਾਨ ਖ਼ਾਨ ਨੇ ਸੱਤਾ ਸੰਭਾਲੀ ਹੈ, ਦੇਸ਼ ਇਤਿਹਾਸਕ ਗਰੀਬੀ ’ਚੋਂ ਲੰਘ ਰਿਹਾ ਹੈ। ਮਹਿੰਗਾਈ ਆਸਮਾਨ ਛੂਹ ਰਹੀ ਹੈ ਤੇ ਪਾਕਿਸਤਾਨ ਨੇ ਅਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ। ਗਰੀਬਾਂ ਲਈ 50 ਲੱਖ ਘਰਾਂ ਦੀ ਉਸਾਰੀ ਦਾ ਵਾਅਦਾ ਕਰਨ ਦੇ ਬਾਵਜੂਦ ਸਰਕਾਰ ਵਲੋਂ ਇਕ ਵੀ ਇੱਟ ਨਹੀਂ ਰੱਖੀ ਗਈ ਹੈ।’
ਸ਼ਾਹਬਾਜ਼ ਨੇ ਬੇਰੁਜ਼ਗਾਰੀ ’ਤੇ ਇਮਰਾਨ ਖ਼ਾਨ ਨੂੰ ਘੇਰਦਿਆਂ ਕਿਹਾ, ‘ਇਮਰਾਨ ਖ਼ਾਨ ਨੇ ਕਿਹਾ ਸੀ ਕਿ ਉਹ 1 ਕਰੋੜ ਨੌਕਰੀਆਂ ਪੈਦਾ ਕਰਨਗੇ ਪਰ ਉਨ੍ਹਾਂ ਨੇ ਲੋਕਾਂ ਨੂੰ ਬੇਰੁਜ਼ਗਾਰ ਛੱਡ ਦਿੱਤਾ। ਇਹ ਯਕੀਨੀ ਰੂਪ ਨਾਲ ਪਾਕਿਸਤਾਨ ਨਹੀਂ ਹੈ, ਜਿਸ ਦੀ ਕਾਇਦੇ-ਆਜ਼ਮ ਨੇ ਕਲਪਨਾ ਕੀਤੀ ਸੀ।’
ਉਥੇ ਪਾਕਿਸਤਾਨ ’ਚ ਪੈਦਾ ਹੋਏ ਬਿਜਲੀ ਸੰਕਟ ’ਤੇ ਵੀ ਸ਼ਾਹਬਾਜ਼ ਸ਼ਰੀਫ ਨੇ ਆਪਣੀ ਗੱਲ ਰੱਖੀ ਤੇ ਇਮਰਾਨ ਖ਼ਾਨ ਨੂੰ ਖਰੀਆਂ-ਖਰੀਆਂ ਸੁਣਾਈਆਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।