SFJ ਦਾ ਭਾਰਤ 'ਚ 26 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੇ ਸੁਫ਼ਨੇ ਦਾ ਪਲਾਨ ਹੋਇਆ ਠੁੱਸ

Wednesday, Jan 04, 2023 - 06:07 PM (IST)

SFJ ਦਾ ਭਾਰਤ 'ਚ 26 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੇ ਸੁਫ਼ਨੇ ਦਾ ਪਲਾਨ ਹੋਇਆ ਠੁੱਸ

ਵਾਸ਼ਿੰਗਟਨ- (ਜ.ਬ) ਅਮਰੀਕਾ ਸਥਿਤ ਗਰਮ ਖ਼ਿਆਲੀ ਸਮੂਹ ਸਿੱਖਸ ਫਾਰ ਜਸਟਿਸ, ਜੋ ਕਿ ਭਾਰਤ ਤੋਂ ਪੰਜਾਬ ਨੂੰ ਵੱਖਰੇ ਰਾਜ ਲਈ ਮੁਹਿੰਮ ਚਲਾ ਰਹੀ ਹੈ, ਦੇ 26 ਜਨਵਰੀ ਨੂੰ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਵਿੱਚ ਖਾਲਿਸਤਾਨ ਰੈਫਰੈਂਡਮ ਕਰਨ ਦਾ ਪਲਾਨ ਪੰਜਾਬ ਦੀਆਂ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਵੱਲੋਂ ਪੂਰਨ ਸਾਥ ਨਾ ਹੋਣ ਕਾਰਨ ਠੁੱਸ ਹੋ ਗਿਆ ਹੈ। ਪੰਜਾਬ ਦੀਆਂ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਵੱਲੋਂ ਗੈਰ ਸੰਵਿਧਾਨਿਕ ਰੈਫਰੈਂਡਮ ਤੋਂ ਆਪਣੇ ਆਪ ਨੂੰ ਦੂਰ ਰੱਖ ਪੰਨੂੰ ਨੂੰ ਦੋ ਟੁੱਕ ਜਵਾਬ ਦੇਣ ਦਾ ਸਮਾਚਾਰ ਹੈ। 

ਭਾਰਤ ਵੱਲੋਂ ਪਾਬੰਦੀਸ਼ੁਦਾ ਜਥੇਬੰਦੀ SFJ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਬਿਆਨ ਵਿੱਚ ਭਾਰਤ ਪੰਜਾਬ ਦੇ ਵਸਨੀਕਾਂ ਨੂੰ ਖਾਲਿਸਤਾਨ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ 'ਤੇ ਪੰਜਾਬ ਵਿੱਚ ਰੈਫਰੈਂਡਮ ਲਈ ਵੋਟਾਂ ਦਾ ਐਲਾਨ ਕੀਤਾ ਗਿਆ ਸੀ ਪਰੰਤੂ ਪੰਜਾਬ ਵਿੱਚ ਸਿੱਖਾਂ ਦੀ ਪੂਰਨ ਮਦਦ ਨਾ ਮਿਲਣ ਕਾਰਨ ਆਪਣੇ ਬੋਲਾਂ ਤੋਂ ਹੀ ਅੱਜ ਪੰਨੂੰ ਨੂੰ ਭੱਜਣ ਲਈ ਮਜਬੂਰ ਹੋਣਾ ਪੈ ਗਿਆ ਹੈ। ਸੂਤਰਾਂ ਮੁਤਾਬਕ ਪੰਨੂੰ ਅਤੇ ਉਸ ਦੇ ਸਾਥੀਆਂ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਨੂੰ ਵਿਦੇਸ਼ਾਂ ਤੇ ਪੰਜਾਬ ਦੇ ਗਰਮ ਖ਼ਿਆਲੀ ਆਗੂਆਂ ਰਾਹੀਂ ਪੰਜਾਬ ਰੈਫਰੈਂਡਮ ਲਈ ਮਨਾਉਣ ਦੀਆ ਵੱਡੀਆਂਂ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ, ਜਦੋਂ ਜਥੇਬੰਦੀ ਨੇ ਪੰਜਾਬ ਰੈਫਰੈਂਡਮ ਤੋਂ ਪੱਲਾ ਝਾੜ ਕੇ ਨਸ਼ਿਆਂ ਵਿੱਚ ਡੁੱਬੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਆਖ ਪੰਨੂੰ ਤੋਂ ਆਪਣੀ ਦੂਰੀ ਬਣਾ ਲਈ ਗਈ ਦੱਸੀ ਜਾਂਦੀ ਹੈ। 

ਇਸ ਤੋਂ ਪਹਿਲਾਂ ਖਾਲਿਸਤਾਨ ਰਾਏਸ਼ੁਮਾਰੀ ਦਾ ਸਮਰਥਨ ਲੈਣ ਲਈ ਐੱਸ.ਐੱਫ.ਜੇ. ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵਰਗੀਆਂ ਸਿੱਖ ਸੰਸਥਾਵਾਂ ਨੂੰ ਮੋਦੀ ਸਰਕਾਰ ਨੂੰ ਮਦਦ ਲਈ ਬੇਨਤੀ ਕਰਨ ਦੀ ਬਜਾਏ 26 ਜਨਵਰੀ, 2023 ਨੂੰ ਭਾਰਤ ਵਿੱਚ ਜਨਮਤ ਸੰਗ੍ਰਹਿ ਲਈ ਵੋਟਿੰਗ ਦਾ ਖੁੱਲ੍ਹ ਕੇ ਸਮਰਥਨ ਕਰਨ ਦਾ ਸੱਦਾ ਦਿੱਤਾ ਗਿਆ ਸੀ ਪਰ ਭਾਰਤ ਦੀਆਂ ਪੰਥਕ ਸਿੱਖ ਜਥੇਬੰਦੀਆਂ ਤੇ ਧਾਰਮਿਕ ਸੰਸਥਾਵਾਂ ਵੱਲੋਂ ਇਸ ਅਪੀਲ ਨੂੰ ਰੱਦ ਕਰ ਭਾਰਤ ਨਾਲ ਆਪਣੇ ਰਿਸ਼ਤਿਆਂ ਨੂੰ ਕਾਇਮ ਰੱਖਿਆ ਗਿਆ ਸੀ ਤੇ ਭਾਰਤ ਅਧੀਨ ਰਹਿ ਕੇ ਵੱਧ ਅਧਿਕਾਰ ਲੈਣ ਨੂੰ ਮਾਨਤਾ ਦਿੱਤੀ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਕਾਰ ਹਾਦਸੇ 'ਚ ਵਾਲ-ਵਾਲ ਬਚਿਆ ਭਾਰਤੀ ਮੂਲ ਦਾ ਪਰਿਵਾਰ, ਪਿਤਾ ਗ੍ਰਿਫ਼ਤਾਰ 

ਰੈਫਰੈਂਡਮ ਨੂੰ 26 ਜਨਵਰੀ ਦੀ ਭਾਰਤ ਵਿੱਚ ਮਿਲੀ ਭਾਰੀ ਨਮੋਸ਼ੀ ਤੋਂ ਬਾਅਦ ਐੱਸ.ਐੱਫ.ਜੇ. ਨੇ ਸਿੱਖ ਆਬਾਦੀ ਵਾਲੇ ਮੁਲਕ ਆਸਟ੍ਰੇਲੀਆ ਦੇ ਲੋਕਾਂ ਨੂੰ ਗੁੰਮਰਾਹ ਕਰਕੇ 23 ਜਨਵਰੀ ਨੂੰ ਵੋਟਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਜੋ 26 ਜਨਵਰੀ ਦੇ ਪਲਾਨ ਨੂੰ ਹੋਰ ਕੁਝ ਸਾਲ ਅੱਗੇ ਪਾ ਕੇ ਵਿਦੇਸ਼ਾਂ ਵਿੱਚੋਂ ਮੋਟੀਆਂ ਰਕਮਾਂ ਇਕੱਠੀਆਂ ਕੀਤੀਆਂ ਜਾ ਸਕਣ। ਭਾਰਤ ਸਰਕਾਰ ਨੇ ਆਸਟ੍ਰੇਲੀਆ ਵਿੱਚ ਵੀ 23 ਜਨਵਰੀ ਦੇ ਰੈਫਰੈਂਡਮ ਵੋਟ 'ਤੇ ਸਖ਼ਤ ਇਤਰਾਜ਼ ਕਰਦਿਆਂ ਆਪਸੀ ਰਿਸ਼ਤਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਸੂਤਰਾਂ ਦਾ ਮੰਨਣਾ ਹੈ ਕਿ ਕੁਝ ਕੁ ਨੂੰ ਛੱਡ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਦੀ ਭਾਲ ਵਿੱਚ ਆਏ ਸਿੱਖ ਰੈਫਰੈਂਡਮ ਤੋਂ ਆਪਣੀ ਦੂਰੀ ਬਣਾ ਰਹੇ ਹਨ। 

ਪੰਨੂ ਨੇ 26 ਜਨਵਰੀ, 2023 ਤੱਕ ਭਾਰਤ ਤੋਂ ਵੱਖ ਹੋਣ ਵਾਲੇ ਖਾਲਿਸਤਾਨ 'ਤੇ ਜਨਮਤ ਸੰਗ੍ਰਹਿ ਲਈ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਸੀ ਕਿ ਉਹ "ਭਾਰਤੀ ਕਬਜ਼ੇ ਵਾਲੇ ਪੰਜਾਬ" ਵਿੱਚ ਸਿੱਖ ਹੋਮਲੈਂਡ ਬਣਾਉਣ ਲਈ ਅੱਗੇ ਆਉਣ ਪਰੰਤੂ ਅਜਿਹਾ ਨਹੀਂ ਹੋਇਆ ਜਦੋਂ ਕਿ ਪੰਜਾਬ ਵਿੱਚ ਡਾਲਰਾਂ ਦੇ ਲਾਲਚ ਵਿੱਚ ਆ ਕੇ ਕੁਝ ਸਿੱਖ ਨੋਜਵਾਨ ਗੁੰਮਰਾਹ ਹੋ ਕੇ ਭਾਰਤ ਵਿਰੁੱਧ ਗਤੀਵਿਧੀਆਂ ਦੇ ਹਿੱਸੇਦਾਰ ਬਣੇ ਪਰੰਤੂ ਪੰਜਾਬ ਪੁਲਸ ਵੱਲੋਂ ਵਧਾਈ ਮੁਸਤੈਦੀ ਕਾਰਨ ਸ਼ਰਾਰਤੀ ਅਨਸਰਾਂ ਨੂੰ ਕੁਝ ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਕਿਸੇ ਜਾਨੀ ਨੁਕਸਾਨ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਅ ਲਿਆ ਗਿਆ। ਸੂਤਰਾਂ ਮੁਤਾਬਕ ਪੰਨੂੰ ਮੁੜ ਪਾਕਿਸਤਾਨ ਦੇ ਗੁਣ ਗਾ ਕੇ ਪੰਜਾਬ ਵਿੱਚ ਅੱਤਵਾਦ ਫੈਲਾਉਣ ਦੀਆ ਕੋਸ਼ਿਸ਼ਾਂ ਵਿੱਚ ਹੈ ਪਰ ਭਾਰਤ ਦੀ ਵਿਦੇਸ਼ਾਂ ਵਿੱਚ ਵਧੀ ਤਾਕਤ ਕਾਰਨ ਆਰਥਿਕ ਪੱਖੋਂ ਕਮਜ਼ੋਰ ਪਾਕਿਸਤਾਨ ਏਜੰਸੀਆਂ ਕਸ਼ਮੀਰ ਤੇ ਖਾਲਿਸਤਾਨ ਮੁੱਦਿਆਂ ਤੋਂ ਕਿਨਾਰਾ ਕਰ ਰਹੀਆ ਦੱਸੀਆਂ ਜਾਂਦੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News