ਅਮਰੀਕਾ : ਜਹਾਜ਼ ਹਾਦਸੇ 'ਚ 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Thursday, Oct 03, 2019 - 09:04 AM (IST)

ਅਮਰੀਕਾ : ਜਹਾਜ਼ ਹਾਦਸੇ 'ਚ 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਵਾਸ਼ਿੰਗਟਨ— ਅਮਰੀਕਾ 'ਚ ਕਨੈਕਟਿਕਟ ਸੂਬੇ ਦੇ ਬ੍ਰੈਡਲੀ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਬੰਬਾਰੀ ਵਾਲਾ ਇਕ ਪੁਰਾਣਾ ਜਹਾਜ਼ ਬੁੱਧਵਾਰ ਨੂੰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਜਹਾਜ਼ 'ਚ 13 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 7 ਲੋਕਾਂ ਦੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹਨ। ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਵਾਪਰਿਆ। ਇਹ ਜਹਾਜ਼ ਬ੍ਰੈਡਲੀ ਕੌਮਾਂਤਰੀ ਹਵਾਈ ਅੱਡੇ 'ਤੇ ਲੈਂਡ ਕਰਦੇ ਸਮੇਂ ਰਨਵੇਅ ਤੋਂ ਫਿਸਲ ਗਿਆ।

ਹਸਪਤਾਲ 'ਚ 6 ਜ਼ਖਮੀ ਲੋਕ ਭਰਤੀ ਕਰਵਾਏ ਗਏ ਹਨ, ਇਨ੍ਹਾਂ 'ਚੋਂ 3 ਲੋਕਾਂ ਦੀ ਹਾਲਤ ਵਧੇਰੇ ਖਰਾਬ ਹੈ ਜਦਕਿ ਬਾਕੀ 3 ਦੀ ਹਾਲਤ ਖਤਰੇ 'ਚੋਂ ਬਾਹਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 10 ਯਾਤਰੀ, ਦੋ ਪਾਇਲਟ ਤੇ ਇਕ ਅਟੈਂਡੈਂਟ ਸ਼ਾਮਲ ਸਨ। ਜਹਾਜ਼ ਦੇ ਉਡਾਣ ਭਰਨ ਦੇ ਥੋੜੀ ਦੇਰ ਬਾਅਦ ਹੀ ਕੁੱਝ ਸਮੱਸਿਆ ਆ ਰਹੀ ਸੀ ਤੇ ਅਧਿਕਾਰੀਆਂ ਨੇ ਜਹਾਜ਼ ਨੂੰ ਲੈਂਡ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਦੇਖਿਆ ਕਿ ਜਹਾਜ਼ ਸਹੀ ਤਰ੍ਹਾਂ ਉਚਾਈ ਤਕ ਨਹੀਂ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਜੇ ਉਹ ਮ੍ਰਿਤਕਾਂ ਦੀ ਪਛਾਣ ਕਰ ਰਹੇ ਹਨ ਤੇ ਕਾਹਲੀ 'ਚ ਕਿਸੇ ਦੀ ਵੀ ਗਲਤ ਪਛਾਣ ਕਰਕੇ ਪ੍ਰੇਸ਼ਾਨੀ ਖੜ੍ਹੀ ਨਹੀਂ ਕਰਨੀ ਚਾਹੁੰਦੇ।


Related News