ਪਾਰਟੀ ’ਚ ਸ਼ਰਾਬ ਦੀ ਥਾਂ ਸੈਨੇਟਾਈਜ਼ਰ ਪੀ ਗਏ ਲੋਕ, 7 ਦੀ ਮੌਤ ਤੇ 2 ਕੋਮਾ ’ਚ
Monday, Nov 23, 2020 - 11:27 AM (IST)
ਮਾਸਕੋ– ਰੂਸ ਦੇ ਇਕ ਪਿੰਡ ’ਚ ਇਕ ਪਾਰਟੀ ’ਚ ਸ਼ਰਾਬ ਖਤਮ ਹੋਣ ’ਤੇ ਲੋਕ ਹੈਂਡ ਸੈਨੇਟਾਈਜ਼ਰ ਪੀਣ ਲੱਗ ਗਏ। ਇਹ ਕਦਮ ਉਨ੍ਹਾਂ ਲਈ ਭਾਰੀ ਪੈ ਗਿਆ ਅਤੇ 7 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਦੋ ਲੋਕ ਕੋਮਾ ’ਚ ਹਨ। ਰਿਪੋਰਟਾਂ ਮੁਤਾਬਕ ਤਾਤਿਨਸਕੀ ਜ਼ਿਲ੍ਹੇ ਦੇ ਤੋਮਤੋਰ ਪਿੰਡ ’ਚ 9 ਲੋਕ ਪਾਰਟੀ ਕਰ ਰਹੇ ਸਨ। ਪਾਰਟੀ ’ਚ ਸ਼ਾਮਲ ਲੋਕਾਂ ਨੇ ਜੋ ਸੈਨੇਟਾਈਜ਼ਰ ਪੀਤਾ ਉਹ 69 ਫੀਸਦੀ ਮੇਥਨਾਲ ਸੀ, ਜਿਸ ਨੂੰ ਮਹਾਮਾਰੀ ਦੌਰਾਨ ਹੱਥ ਸਾਫ਼ ਕਰਨ ਲਈਵੇਚਿਆ ਜਾ ਰਿਹਾ ਸੀ।
ਡੇਲੀਮੇਲ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀ 6 ਨੂੰ ਹੈਲੀਕਾਪਟਰ ਰਾਹੀਂ ਖੇਤਰੀ ਰਾਜਧਾਨੀ ਯਾਕੁਤਸਕ ਲਿਜਾਇਆ ਗਿਆ। ਬਾਅਦ ’ਚ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਫੈੱਡਰਲ ਪਬਲਿਕ ਹੈਲਥ ਵਾਚਡਾਗ ਰੋਸਪੋਟਰੇਬਨਾਡਜ਼ੋਰ ਨੇ ਦੱਸਿਆ ਹੈ ਕਿ ਸੈਨੇਟਾਈਜ਼ਰ ਤੋਂ ਜ਼ਹਿਰ ਦਾ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ 11 ਜਾਂ 12 ਦਸੰਬਰ ਤੋਂ ਸ਼ੁਰੂ ਹੋ ਸਕਦਾ ਹੈ ਟੀਕਾਕਰਨ ਪ੍ਰੋਗਰਾਮ
ਰੂਸ ਦੀ ਸਰਕਾਰ ਨੇ ਲੋਕਾਂ ਨੂੰ ਸਥਾਨਕ ਤੌਰ ’ਤੇ ਬਣਾਏ ਗਏ ਸੈਨੇਟਾਈਜ਼ਰ ਨੂੰ ਨਾ ਪੀਣ ਲਈ ਕਿਹਾ ਹੈ। ਰੂਸ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ 20,64,748 ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਕਿ 35,778 ਲੋਕਾਂ ਦੀ ਮੌਤ ਹੋ ਚੁੱਕੀ ਹੈ।