ਬਜ਼ੁਰਗ ਵੱਲੋਂ ਮੁਫ਼ਤ ਬਰਫ਼ ਹਟਾਉਣ ਦੀ ਸੇਵਾ ਦੀ ਹੋ ਰਹੀ ਸਲਾਘਾ
Monday, Jan 12, 2026 - 01:18 AM (IST)
ਵੈਨਕੂਵਰ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਖੇਤਰ ਬੈਲਾ ਕੁਲਾ ਵਿੱਚ ਨੁਕਸਾਲਕ ਭਾਈਚਾਰੇ ਨਾਲ ਸਬੰਧਤ ਮੌਸਲ ਹੁੱਡ ਨਾ ਦਾ ਇਕ ਬਜ਼ੁਰਗ ਆਪਣੀ ਸੇਵਾ ਭਾਵਨਾ ਕਾਰਨ ਚਰਚਾ ਵਿੱਚ ਹੈ। ਉਹ ਆਪਣੇ ਸਾਈਡ-ਬਾਈ-ਸਾਈਡ ਵਾਹਨ ਦੀ ਮਦਦ ਨਾਲ ਇਲਾਕੇ ਦੇ ਘਰਾਂ ਦੇ ਡਰਾਈਵਵੇਅਜ਼ ਤੋਂ ਬਰਫ਼ ਸਾਫ਼ ਕਰ ਰਿਹਾ ਹੈ ਅਤੇ ਇਸ ਸੇਵਾ ਲਈ ਕੋਈ ਵੀ ਮੁੱਲ ਨਹੀਂ ਲੈਂਦਾ।
ਉਸ ਦਾ ਕਹਿਣਾ ਹੈ ਕਿ ਭਾਈਚਾਰੇ ਦੀ ਸਹਾਇਤਾ ਕਰਨਾ ਅਤੇ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾਉਣਾ ਉਸ ਲਈ ਖੁਸ਼ੀ ਦਾ ਸਰੋਤ ਹੈ। ਬੀਤੇ ਕੁਝ ਦਿਨਾਂ ਦੌਰਾਨ ਉਹ ਦਰਜਨ ਦੇ ਕਰੀਬ ਡਰਾਈਵਵੇਅਜ਼ ਤੋਂ ਬਰਫ਼ ਹਟਾ ਚੁੱਕਾ ਹੈ, ਜਿਸ ਨਾਲ ਖ਼ਾਸ ਕਰਕੇ ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ।
ਸਥਾਨਕ ਵਸਨੀਕਾਂ ਮੁਤਾਬਕ, ਭਾਰੀ ਬਰਫ਼ਬਾਰੀ ਦੇ ਸਮੇਂ ਇਸ ਤਰ੍ਹਾਂ ਦੀ ਮੁਫ਼ਤ ਸਹਾਇਤਾ ਭਾਈਚਾਰੇ ਵਿੱਚ ਆਪਸੀ ਸਾਂਝ ਅਤੇ ਇਕ ਦੂਜੇ ਲਈ ਫਿਕਰ ਦੀ ਮਿਸਾਲ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਨਾਲ ਨਾ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਧੀਆ ਬਣਦੀ ਹੈ, ਸਗੋਂ ਭਾਈਚਾਰਕ ਰਿਸ਼ਤੇ ਵੀ ਮਜ਼ਬੂਤ ਹੁੰਦੇ ਹਨ। ਬੈਲਾ ਕੁਲਾ ਵਿੱਚ ਇਹ ਸੇਵਾ ਭਾਵਨਾ ਇਲਾਕੇ ਲਈ ਪ੍ਰੇਰਣਾ ਬਣੀ ਹੋਈ ਹੈ ਅਤੇ ਇਲਾਕੇ ਵਿੱਚ ਉਸ ਦੀ ਸੇਵਾ ਦੀ ਖੂਬ ਸ਼ਲਾਘਾ ਹੋ ਰਹੀ ਹੈ।
