ਈਰਾਨ ''ਚ ਅਜ਼ਰਬੈਜਾਨ ਦੂਤਘਰ ''ਚ ਗੋਲੀਬਾਰੀ, ਸੁਰੱਖਿਆ ਮੁਖੀ ਦੀ ਮੌਤ
Friday, Jan 27, 2023 - 02:47 PM (IST)
ਦੁਬਈ (ਭਾਸ਼ਾ)- ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ਕਲਾਸ਼ਨੀਕੋਵ-ਸ਼ੈਲੀ ਦੀ ਰਾਈਫਲ ਲਈ ਇਕ ਵਿਅਕਤੀ ਨੇ ਸ਼ੁੱਕਰਵਾਰ ਨੂੰ ਅਜ਼ਰਬੈਜਾਨ ਦੇ ਦੂਤਘਰ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਡਿਪਲੋਮੈਟਿਕ ਪੋਸਟ 'ਤੇ ਤਾਇਨਾਤ ਸੁਰੱਖਿਆ ਮੁਖੀ ਦੀ ਮੌਤ ਹੋ ਗਈ ਅਤੇ ਦੋ ਗਾਰਡ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਜ਼ਰਬੈਜਾਨ ਦੇ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਨਾ ਹੀ ਇਸ ਦੇ ਪਿੱਛੇ ਦਾ ਮਕਸਦ ਸਪੱਸ਼ਟ ਹੋ ਸਕਿਆ ਹੈ। ਘਟਨਾ ਸਥਾਨ ਤੋਂ ਇਕ ਕਥਿਤ ਵੀਡੀਓ ਵਿੱਚ ਦੂਤਘਰ ਦੇ ਅੰਦਰ ਮੈਟਲ ਡਿਟੈਕਟਰ ਦੇ ਕੋਲ ਇਕ ਲਾਸ਼ ਪਈ ਵਿਖਾਈ ਦਿੱਤੀ। ਈਰਾਨ ਦੇ ਸਰਕਾਰੀ ਮੀਡੀਆ ਨੇ ਹਮਲੇ ਦੇ ਸਬੰਧ ਵਿੱਚ ਕੋਈ ਤੁਰੰਤ ਖ਼ਬਰ ਨਹੀਂ ਦਿੱਤੀ। ਅਜ਼ਰਬੈਜਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਜੇ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਿਆਨ ਮੁਤਾਬਕ ਹਮਲਾਵਰ ਨੇ ਗੋਲੀਬਾਰੀ ਕੀਤੀ ਅਤੇ ਇਕ ਸੁਰੱਖਿਆ ਚੌਂਕੀ ਨੂੰ ਵੀ ਤਬਾਹ ਕਰ ਦਿੱਤਾ। ਅਜ਼ਰਬੈਜਾਨ ਦੀ ਉੱਤਰ-ਪੱਛਮੀ ਸੀਮਾ ਈਰਾਨ ਨਾਲ ਲੱਗਦੀ ਹੈ।
ਨਾਗੋਰਨੋ-ਕਾਰਾਬਾਖ ਖੇਤਰ ਨੂੰ ਲੈ ਕੇ ਅਜ਼ਰਬੈਜਾਨ ਅਤੇ ਅਰਮੇਨੀਆ ਵਿਚਾਲੇ ਸੰਘਰਸ਼ ਦੇ ਬਾਅਦ ਤੋਂ ਦੋਵਾਂ ਦੇਸ਼ਾਂ (ਇਰਾਨ ਅਤੇ ਅਜ਼ਰਬੈਜਾਨ) ਵਿਚਕਾਰ ਤਣਾਅ ਬਣਿਆ ਹੋਇਆ ਹੈ। ਇਸਲਾਮਿਕ ਗਣਤੰਤਰ ਨੂੰ ਹਿਲਾ ਦੇਣ ਵਾਲੇ ਦੇਸ਼ ਵਿਆਪੀ ਵਿਰੋਧ ਦੇ ਵਿਚਕਾਰ ਈਰਾਨ ਨੇ ਅਕਤੂਬਰ ਵਿੱਚ ਅਜ਼ਰਬੈਜਾਨ ਸਰਹੱਦ ਨੇੜੇ ਇਕ ਫ਼ੌਜੀ ਅਭਿਆਸ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਅਜ਼ਰਬੈਜਾਨ ਦੇ ਇਜ਼ਰਾਈਲ ਨਾਲ ਨਜ਼ਦੀਕੀ ਸੰਬੰਧ ਹਨ, ਜਿਸ ਨੂੰ ਤਹਿਰਾਨ ਖੇਤਰ ਵਿਚ ਆਪਣੇ ਮੁੱਖ ਦੁਸ਼ਮਣਾਂ ਵਿਚੋਂ ਇਕ ਸਮਝਦਾ ਹੈ।
ਇਹ ਵੀ ਪੜ੍ਹੋ : ਚਰਚਾ ਹੋਈ ਤੇਜ਼: ਕੌਣ ਹੋਵੇਗਾ ਜਲੰਧਰ ਸ਼ਹਿਰ ਦਾ ਅਗਲਾ ਮੇਅਰ ਤੇ ਕਿਸ ਦੇ ਨਸੀਬ ’ਚ ਲਿਖੀ ਹੈ ‘ਝੰਡੀ ਵਾਲੀ ਕਾਰ’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।