ਕੋਰੋਨਾਵਾਇਰਸ: 185 ਲੋਕਾਂ ਨੂੰ ਲੈ ਕੇ ਚੀਨ ਤੋਂ ਕੈਨੇਡਾ ਪਰਤਿਆ ਦੂਜਾ ਕੈਨੇਡੀਅਨ ਜਹਾਜ਼

02/11/2020 9:56:41 PM

ਟੋਰਾਂਟੋ- ਚੀਨ ਦੇ ਹੁਬੇਈ ਸੂਬੇ ਤੋਂ ਉਹਨਾਂ 185 ਕੈਨੇਡੀਅਨਾਂ ਨੂੰ ਲੈ ਕੇ ਦੂਜਾ ਜਹਾਜ਼ ਕੈਨੇਡਾ ਪਰਤ ਆਇਆ ਹੈ, ਜੋ ਕਿ ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਦੇ ਫੈਲਣ ਕਾਰਨ ਉਥੇ ਹੀ ਫਸ ਗਏ ਸਨ। ਜ਼ਿਕਰਯੋਗ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1 ਹਜ਼ਾਰ ਪਾਰ ਕਰ ਗਈ ਹੈ।

ਅੰਗਰੇਜ਼ੀ ਨਿਊਜ਼ ਚੈਨਲ ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਕੈਨੇਡੀਅਨ ਫੋਰਸ ਦਾ ਜਹਾਜ਼ ਟ੍ਰੇਨਟਨ ਮੰਗਲਵਾਰ ਸਵੇਰੇ 6 ਵਜੇ ਓਨਟਾਰੀਓ ਵਿਚ ਲੈਂਡ ਕੀਤਾ। ਇਸ ਜਹਾਜ਼ ਵਿਚ 130 ਕੈਨੇਡੀਅਨ ਆਪਣੇ 58 ਪਰਿਵਾਰਕ ਮੈਂਬਰਾਂ ਦੇ ਨਾਲ ਪਰਤੇ ਹਨ। ਜਹਾਜ਼ ਦੇ ਚੀਨ ਪਹੁੰਚਣ ਦੌਰਾਨ 230 ਲੋਕਾਂ ਨੇ ਫਲਾਈਟ ਲਈ ਬੇਨਤੀ ਕੀਤੀ ਸੀ ਪਰ ਇਸ ਜਹਾਜ਼ 'ਤੇ ਕਰੂ ਮੈਂਬਰਾਂ ਸਣੇ ਸਿਰਫ 200 ਲੋਕ ਹੀ ਯਾਤਰਾ ਕਰ ਸਕਦੇ ਹਨ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਕੁਝ ਲੋਕ ਜਿਹਨਾਂ ਨੇ ਕੈਨੇਡਾ ਦੀ ਫਲਾਈਟ ਲਈ ਬੇਨਤੀ ਕੀਤੀ ਸੀ ਉਹ ਏਅਰਪੋਰਟ 'ਤੇ ਆਏ ਹੀ ਨਹੀਂ।

ਇਸ ਦੌਰਾਨ ਸਿਹਤ ਮੰਤਰੀ ਪੈਟੀ ਹਾਜਦੂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕੁਝ ਲੋਕ ਏਅਰਪੋਰਟ ਕਿਉਂ ਨਹੀਂ ਪਹੁੰਚੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਉਹ ਬੀਮਾਰ ਹੋਣ ਤੇ ਇਸ ਕਾਰਨ ਉਹਨਾਂ ਨੂੰ ਇਲਾਕਾ ਛੱਡਣ ਤੋਂ ਰੋਕਿਆ ਗਿਆ ਹੋਵੇ। ਜਾਂ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਚੀਨ ਛੱਡਣ ਦਾ ਆਪਣਾ ਮਨ ਬਦਲ ਲਿਆ ਹੋਵੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡੀਅਨ ਚਾਰਟਰ ਪਲੇਨ 176 ਯਾਤਰੀਆਂ ਨੂੰ ਲੈ ਕੇ ਦੇਸ਼ ਪਰਤਿਆ ਸੀ ਤੇ ਇਸ ਤੋਂ ਇਕ ਘੰਟੇ ਬਾਅਦ ਇਕ ਅਮਰੀਕੀ ਚਾਰਟਡ ਪਲੇਨ ਹੋਰ 39 ਕੈਨੇਡੀਅਨਾਂ ਨੂੰ ਲੇ ਕੇ ਕੈਨੇਡੀਅਨ ਬੇਸ 'ਤੇ ਲੈਂਡ ਕੀਤਾ।

ਜ਼ਿਕਰਯੋਗ ਹੈ ਕਿ ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਕੋਰੋਨਾਵਾਇਰਸ ਨਾਲ ਇੱਥੇ ਹੁਣ ਤੱਕ 1,016 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਗਭਗ 43 ਹਜ਼ਾਰ ਲੋਕ ਇਸ ਦੀ ਚਪੇਟ ਵਿਚ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਲੈਕੇ ਚਿੰਤਾ ਜ਼ਾਹਰ ਕੀਤੀ ਹੈ। ਇਹ ਵਾਇਰਸ ਇੰਨੀ ਤੇਜ਼ੀ ਨਾਲ ਲੋਕਾਂ ਨੂੰ ਇਨਫੈਕਟਿਡ ਕਰ ਰਿਹਾ ਹੈ ਕਿ ਜਿਹੜੇ ਲੋਕ ਕਦੇ ਚੀਨ ਨਹੀਂ ਗਏ ਉਹ ਵੀ ਇਸ ਦੀ ਚਪੇਟ ਵਿਚ ਆ ਰਹੇ ਹਨ। 


Baljit Singh

Content Editor

Related News